ਏਸ਼ੀਅਨ ਪੈਰਾ ਯੂਥ ਖੇਡਾਂ ਦੇ ਪਹਿਲੇ ਦਿਨ ਭਾਰਤ ਦੇ ਛੇ ਖਿਡਾਰੀਆਂ ਨੇ ਮੈਡਲ ਜਿੱਤੇ

ਜੈਤੋ,5ਦਸੰਬਰ (ਵਿਸ਼ਵ ਵਾਰਤਾ ): ਏਸ਼ੀਅਨ ਪੈਰਾ ਯੂਥ ਖੇਡਾਂ ਜੋ ਕਿ ਮਿਤੀ 2 ਦਸੰਬਰ ਤੋਂ 6 ਦਸੰਬਰ 2021 ਤੱਕ ਬਹਿਰੀਨ ਦੇਸ਼ ਵਿੱਚ ਚੱਲ ਰਹੀਆਂ ਹਨ। ਭਾਰਤੀ ਚੀਫ਼ ਡੇ ਮਿਸ਼ਨ ਵਰਿੰਦਰ ਕੁਮਾਰ ਡਬਾਸ ਅਤੇ ਡਿਪਟੀ ਚੀਫ਼ ਡੇ ਮਿਸ਼ਨ ਜਸਪ੍ਰੀਤ ਸਿੰਘ ਧਾਲੀਵਾਲ ਨੇ ਪੈ੍ਰੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਭਾਰਤ ਦੇ 90 ਤੋਂ ਵੱਧ ਖਿਡਾਰੀ ਵੱਖ ਵੱਖ ਖੇਡਾਂ ਵਿੱਚ ਭਾਗ ਲੈ ਰਹੇ ਹਨ। 2 ਦਸੰਬਰ ਨੂੰ ਓਪਨਿੰਗ ਸਰਮਨੀ ਵਿੱਚ ਪੰਜਾਬ ਦੀ ਖਿਡਾਰਨ ਪਲਕ ਕੋਹਲੀ ਨੇ ਭਾਰਤ ਦਾ ਤਿਰੰਗਾ ਲਹਿਰਾ ਕੇ ਭਾਰਤੀ ਟੀਮ ਦੀ ਹਾਜ਼ਰੀ ਲਗਵਾਈ। ਖੇਡਾਂ ਦੇ ਪਹਿਲੇ ਦਿਨ 3 ਦਸੰਬਰ ਨੂੰ ਐਥਲੈਟਿਕਸ ਵਿੱਚ ਭਾਰਤ ਦੇ ਹੋਣਹਾਰ ਖਿਡਾਰੀਆਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਏਸ਼ੀਆ ਦੇ ਮਾਨਚਰਿੱਤਰ ਤੇ ਮੈਡਲ ਜਿੱਤ ਕੇ ਭਾਰਤ ਦੇ ਤਿੰਰਗੇ ਨੂੰ ਏਸ਼ੀਅਨ ਪੈਰਾ ਯੂਥ ਗੇਮਜ਼ ਵਿੱਚ ਲਹਿਰਾਉਣ ਦਾ ਕੰਮ ਕੀਤਾ। ਭਾਰਤ ਦੇ ਛੇ ਖਿਡਾਰੀਆਂ ਦੇ ਮੈਡਲ ਜਿੱਤੇ। ਪੰਜਾਬ ਦੀ ਅਨੱਨਿਆ ਬਾਂਸਲ ਨੇ ਸ਼ਾਟਪੁੱਟ ਥਰੋ ਵਿੱਚ ਚਾਂਦੀ ਦਾ ਮੈਡਲ ਜਿੱਤ ਕੇ ਮੈਡਲਾਂ ਦਾ ਭਾਰਤ ਲਈ ਖਾਤਾ ਖੋਲਿ੍ਹਆ। ਇਸ ਉਪਰੰਤ ਕਰਨਾਟਕਾ ਦੇ ਬਿਨੱਤ ਬੀਜੂ ਜਾਰਜ ਨੇ 400 ਮੀਟਰ ਵਿੱਚ ਕਾਂਸੇ ਦਾ ਤਗਮਾ ਹਾਸਲ ਕੀਤਾ। ਰਾਜਸਥਾਨ ਦੇ ਵਿਕਾਸ ਭੱਟੀਵਾਲ ਨੇ ਸ਼ਾਟਪੁੱਟ ਥਰੋ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਦਿੱਲੀ ਦੇ ਕਾਸ਼ਿਸ਼ ਲਾਕਰਾ ਨੇ ਕਲੱਬ ਥਰੋ ਵਿੱਚ ਸੋਨੇ ਦਾ ਤਗਮਾ ਜਿੱਤਿਆ। ਆਂਧਰਾ ਪ੍ਰਦੇਸ਼ ਦੇ ਸੰਜੇ ਰੈਡੀ ਨੀਲਮ ਨੇ ਸ਼ਾਟਪੁੱਟ ਥਰੋ ਵਿੱਚ ਕਾਂਸੇ ਦਾ ਤਗਮਾ ਜਿੱਤਿਆ। ਹਰਿਆਣਾ ਦੇ ਲਕਸ਼ਿਤ ਨੇ ਜੈਵੇਲਿਨ ਥਰੋ ਵਿੱਚ ਤਾਂਬੇ ਦਾ ਤਗਗਾ ਜਿੱਤਿਆ। ਇਸ ਜਿੱਤ ਦੀ ਖੁਸ਼ੀ ਵਿੱਚ ਪੈਰਾ ਓਲੰਪਿਕ ਕਮੇਟੀ ਆਫ਼ ਇੰਡੀਆ ਦੀ ਪ੍ਰਧਾਨ ਦੀਪਾ ਮਲਿਕ, ਸੈਕਟਰੀ ਜਨਰਲ ਗੁਰਸ਼ਰਨ ਸਿੰਘ, ਪੰਜਾਬ ਪੈਰਾ ਸਪੋਰਟਸ ਦੇ ਸਰਪ੍ਰਸਤ ਮਹਿੰਦਰ ਸਿੰਘ ਕੇ.ਪੀ, ਪ੍ਰਧਾਨ ਚਰਨਜੀਤ ਸਿੰਘ ਬਰਾੜ, ਸ਼ਮਿੰਦਰ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਸੇਖੋਂ, ਜਸਪ੍ਰੀਤ ਸਿੰਘ ਧਾਲੀਵਾਲ, ਡਾ. ਰਮਨਦੀਪ ਸਿੰਘ, ਦਵਿੰਦਰ ਸਿੰਘ ਟਫ਼ੀ ਬਰਾੜ, ਪ੍ਰਮੋਦ ਧੀਰ, ਜਸਵਿੰਦਰ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ, ਜਸਇੰਦਰ ਸਿੰਘ, ਅਮਨਦੀਪ ਬਰਾੜ, ਜਗਰੂਪ ਸਿੰਘ, ਜਸਵੰਤ ਸਿੰਘ, ਯਾਦਵਿੰਦਰ ਕੌਰ, ਜਸਪਾਲ ਸਿੰਘ, ਰੀਸ਼ੂ ਗਰਗ ਆਦਿ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਵਾਦ ਦਿੱਤੀ ਅਤੇ ਬਾਕੀ ਖਿਡਾਰੀਆਂ ਨੂੰ ਜਿੱਤ ਲਈ ਸ਼ੁਭਕਾਮਨਾਵਾਂ ਦਿੱਤੀਆਂ।






















