ਨਵੇਂ ਭਾਸ਼ਾ ਅਫਸਰਾਂ ਦੀ ਆਮਦ ਨਾਲ ਪਰਤੀਆਂ ਰੌਣਕਾਂ
ਮਾਨਸਾ ਵਿਖੇ ਵੀ ਹੋਈ ਪੁਸਤਕ ਪ੍ਰਦਰਸ਼ਨੀ ਦੀ ਨਵੀਂ ਪਹਿਲ ਕਦਮੀਂ
ਮਾਨਸਾ, 24ਨਵੰਬਰ(ਵਿਸ਼ਵ ਵਾਰਤਾ)- :ਪੰਜਾਬ ਭਰ ਚ ਨਵੇਂ ਜ਼ਿਲ੍ਹਾ ਭਾਸ਼ਾ ਅਫਸਰਾਂ ਦੀ ਆਮਦ ਤੋਂ ਬਾਅਦ ਵੱਖ ਵੱਖ ਜ਼ਿਲ੍ਹਿਆਂ ਚ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ,ਬੇਸ਼ੱਕ 15 ਦੇ ਕਰੀਬ ਸਿੱਖਿਆ ਵਿਭਾਗ ਦੇ ਹੋਣਹਾਰ ਲੈਕਚਰਾਰ ਵਿਦਿਆਰਥੀਆਂ ਤੋਂ ਦੂਰ ਹੋਏ ਹਨ,ਪਰ ਕਈ ਕਈ ਪੁਸਤਕਾਂ ਲਿਖ ਚੁੱਕੇ ਅਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਹਮੇਸ਼ਾ ਹੀ ਚੰਗੀ ਸੋਚ ਰੱਖਣ ਵਾਲੇ ਇਨ੍ਹਾਂ ਲੇਖਕ ਭਾਸ਼ਾ ਅਫਸਰਾਂ ਤੋਂ ਮਾਤ ਭਾਸ਼ਾ ਪੰਜਾਬੀ ਦੀ ਪ੍ਰਫੁੱਲਤਾਂ ਲਈ ਵੱਡੀਆਂ ਆਸਾਂ ਹਨ।
ਬਹੁਤੇ ਜ਼ਿਲ੍ਹਿਆਂ ਚ ਬੇਸ਼ੱਕ ਇਨ੍ਹਾਂ ਅਧਿਕਾਰੀਆਂ ਦੀ ਆਮਦ ਤੋਂ ਬਾਅਦ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਹਿਲਜੁਲ ਹੋਈ ਹੈ,ਪਰ ਅਗਲੇ ਦਿਨਾਂ ਚ ਇਹ ਸਾਹਿਤਕਾਰ ਅਫਸਰ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ‘ਤੇ ਕਿਸ ਹੱਦ ਤੱਕ ਖਰਾ ਉਤਰਦੇ ਨੇ,ਇਸ ਦੀ ਸਭਨਾਂ ‘ਤੇ ਤਿੱਖੀ ਨਜ਼ਰ ਰਹੇਗੀ।
ਮਾਨਸਾ ਜ਼ਿਲ੍ਹੇ ਵਿੱਚ ਵੀ ਮਹਿਲਾ ਭਾਸ਼ਾ ਅਫਸਰ ਦੇ ਅਹੁਦਾ ਸੰਭਾਲਣ ਤੋਂ ਬਾਅਦ ਪੁਸਤਕਾਂ ਬਾਹਰ ਆਉਣ ਲੱਗੀਆਂ ਹਨ,ਜਿਸ ਦੇ ਇਲਾਕੇ ਦੇ ਸਾਹਿਤਕਾਰਾਂ ਨੇ ਸਵਾਗਤ ਕੀਤਾ ਹੈ। ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਮਾਨਸਾ ਵਿਖੇ ਆਪਣਾ ਕਾਰਜਭਾਰ ਸੰਭਾਲਦਿਆਂ ਪਹਿਲੇ ਕਾਰਜ ਵਜੋਂ ਸਟੋਰ ਵਿਚ ਪਈਆਂ ਕਿਤਾਬਾਂ ਨੂੰ ਪਾਠਕਾਂ ਲਈ ਪ੍ਰਦਰਸ਼ਿਤ ਕੀਤਾ। ਹੁਣ ਅਜਿਹੀਆਂ ਸਰਗਰਮੀਆਂ ਤੋਂ ਬਾਅਦ ਸਾਹਿਤ ਨਾਲ ਪਿਆਰ ਕਰਨ ਵਾਲੇ ਸਾਹਿਤਕਾਰ ਵੀ ਦਫਤਰ ਵੱਲ੍ਹੋਂ ਵਹੀਰਾਂ ਘੱਤਣ ਲੱਗੇ ਨੇ।ਨਾਮਾਤਰ ਸਰਗਰਮੀਆਂ ਕਰਕੇ ਇਲਾਕੇ ਦੇ ਸਾਹਿਤ ਪ੍ਰੇਮੀ ਅਤੇ ਆਮ ਲੋਕ ਭਾਸ਼ਾ ਅਫਸਰ ਦੇ ਦਫਤਰ ਤੋਂ ਅਣਜਾਣ ਹੀ ਰਹੇ ਨੇ।ਪਰ ਹੁਣ ਪੰਜਾਬ ਭਰ ਨਵੇਂ ਆਏ ਅਧਿਕਾਰੀ ਆਪਣੀ ਯੋਜਨਬੰਦੀ ਬਣਾਉਣ ਚ ਰੁਝੇ ਦਿਖਾਈ ਦਿੰਦੇ ਹਨ।
ਮਾਨਸਾ ਵਿਖੇ ਹੋਈ ਸਾਹਿਤਕ ਸਰਗਰਮੀ ਦੌਰਾਨ ਸ਼ਾਮਲ ਸ਼ਾਇਰ ਗੁਰਪ੍ਰੀਤ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਮਾਨਸਾ ਵਿਖੇ ਵੀ ਰੰਗ ਭਾਗ ਲੱਗ ਗਏ, ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਤੋ ਇਲਾਕੇ ਨੂੰ ਵੱਡੀਆਂ ਆਸਾਂ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਲੇਖਕਾਂ ਦੇ ਮੱਕੇ ਵਜੋਂ ਜਾਣਿਆਂ ਜਾਂਦਾ ਇਹ ਵਿਭਾਗ ਜੋ ਸੁਸਤੀ ਚਾਲ ਚੱਲ ਰਿਹਾ ਸੀ,ਹੁਣ ਨਵੇਂ ਭਾਸ਼ਾ ਅਫਸਰਾਂ ਕਰਕੇ ਮੁੜ ਤੋਂ ਸਾਹਿਤਕ ਰੌਣਕਾਂ ਵੱਲ ਪਰਤਿਆ ਹੈ।ਕਹਾਣੀਕਾਰ ਜਸਬੀਰ ਢੰਡ, ਦਰਸ਼ਨ ਜੋਗਾ ਤੇ ਪ੍ਰੋ. ਗੁਰਦੀਪ ਢਿੱਲੋਂ ਦਾ ਕਹਿਣਾ ਸੀ ਕਿ ਭਾਸ਼ਾ, ਸਾਹਿਤ, ਕਲਾ ਤੇ ਕਿਤਾਬਾਂ ਨਾਲ ਜੁੜੇ ਇਸ ਵਿਭਾਗ ਦਾ ਸਰਗਰਮ ਹੋਣਾ ਜ਼ਰੂਰੀ ਸੀ। ਹਕੂਮਤਾਂ ਨੇ ਇਸ ਅਹਿਮ ਵਿਭਾਗ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ। ਨੋਜਵਾਨ ਸਾਹਿਤਕਾਰ ਅਮੋਲਕ ਡੇਲੂਆਣਾ,ਡਾ. ਵੀਰਪਾਲ ਕੌਰ, ਗੁਰਜੰਟ ਚਾਹਲ, ਸੁਖਚਰਨ ਸੱਦੇਵਾਲੀਆ,ਹਰਦੀਪ ਸਿੱਧੂ ਦਾ ਵੀ ਕਹਿਣਾ ਸੀ ਕਿ ਨਵੇਂ ਭਾਸ਼ਾ ਅਫਸਰਾਂ ਤੋਂ ਵੱਡੀ ਉਮੀਦਾਂ ਨੇ,ਕਿ ਉਹ ਮਾਂ ਬੋਲੀ ਪੰਜਾਬੀ ਅਤੇ ਸਾਹਿਤਕ ਸਰਗਰਮੀਆਂ ਦੀ ਪ੍ਰਫੁੱਲਤਾਂ ਲਈ ਦਿਨ ਰਾਤ ਇਕ ਕਰਨਗੇ।ਪੰਜਾਬੀ ਲੈਕਚਰਾਰ ਤੋ ਜ਼ਿਲ੍ਹਾ ਭਾਸ਼ਾ ਅਫ਼ਸਰ ਬਣੇ ਤੇਜਿੰਦਰ ਕੌਰ ਨੇ ਭਰੋਸਾ ਪ੍ਰਗਟਾਇਆ ਕਿ ਪੰਜਾਬ ਸਰਕਾਰ ਅਤੇ ਪੰਜਾਬ ਦੇ ਲੋਕਾਂ ਨੇ ਜੋ ਆਸਾਂ ਉਨ੍ਹਾਂ ਉਪਰ ਲਗਾਈਆਂ ਹਨ,ਉਸ ਨੂੰ ਪੂਰਾ ਕਰਨ ਲਈ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਸਰਗਰਮੀਆਂ ਪੂਰੇ ਜ਼ਿਲ੍ਹੇ ਵਿਚ ਤੇਜ ਕਰ ਰਹੇ ਹਨ,ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਅਤੇ ਹੋਰ ਸਾਹਿਤਕ ਸਰਗਰਮੀਆਂ ਪੂਰੇ ਮਾਨਸਾ ਜ਼ਿਲ੍ਹੇ ਵਿੱਚ ਕਰਨਗੇ ਤਾਂ ਕਿ ਵਿਭਾਗ ਦੀਆਂ ਕੀਮਤੀ ਕਿਤਾਬਾਂ ਸਸਤੇ ਮੁੱਲ ‘ ਤੇ ਹਰ ਪਾਠਕ ਕੋਲ ਪਹੁੰਚ ਸਕਣ।
ਐੱਸ ਏ ਐੱਸ ਨਗਰ(ਮੋਹਾਲੀ) ਵਿਖੇ ਜ਼ਿਲ੍ਹਾ ਭਾਸ਼ਾ ਅਫਸਰ ਵਜੋਂ ਅਹੁਦਾ ਸੰਭਾਲਣ ਵਾਲੇ ਮਾਨਸਾ ਜ਼ਿਲ੍ਹੇ ਦੇ ਵਾਸੀ ਡਾ ਦੇਵਿੰਦਰ ਸਿੰਘ ਬੋਹਾ ਜੋ ਪਹਿਲਾ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਵਜੋਂ ਕੰਮ ਕਰ ਕਰ ਰਹੇ ਸਨ,ਨੇ ਦਾਅਵਾ ਕੀਤਾ ਕਿ ਕੈਬਨਿਟ ਮੰਤਰੀ ਪ੍ਰਗਟ ਸਿੰਘ ਦੀ ਰਹਿਨੁਮਾਈ ਅਤੇ ਉਚੇਰੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਦੇਖ ਰੇਖ ਹੇਠ ਨਵੇਂ ਉਪਰਾਲੇ ਹੋਣਗੇ।






















