
ਬਠਿੰਡਾ, 17 ਨਵੰਬਰ ( ਕੁਲਬੀਰ ਬੀਰਾ )-ਟੀਚਰਜ਼ ਹੋਮ ਬਠਿੰਡਾ ਵਿਖੇ ਸਾਹਿਤ ਕਲਾ ਤਾਲਮੇਲ ਕਮੇਟੀ ਦੀਆਂ ਨਾਮਵਰ ਹਸਤੀਆਂ ਨੇ ਲਾਕਡਾਉਨ ਦੀ ਇਕ ਸੱਚੀ ਅਧੂਰੀ ਪ੍ਰੇਮ ਕਹਾਣੀ ’ਤੇ ਆਧਾਰਿਤ ਪੱਤਰਕਾਰ ਬਲਵਿੰਦਰ ਸ਼ਰਮਾ ਦਾ ਦੂਸਰਾ ਨਾਵਲ ‘ਵਿਦੇਸ਼ੀ ਚਿੜੀ’ ਲੋਕ ਅਰਪਣ ਕੀਤਾ। ਉੱਘੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੇ ਸ਼ਰਮਾ ਨੂੰ ਵਧਾਈ ਦਿੰਦਿਆਂ ਕਾਮਯਾਬੀ ਦੀਆਂ ਹੋਰ ਮੰਜਿਲ ਚੜਣ ਦੀ ਕਾਮਨਾ ਕੀਤੀ।
ਲੋਕਾਪਰਣ ਸਮਾਗਮ ਦੇ ਸਟੇਜ਼ ਸਕੱਤਰ ਸ਼ਾਇਰ ਸੁਰਿੰਦਰਪ੍ਰੀਤ ਘਣੀਆ ਨੇ ਦੱਸਿਆ ਕਿ ਸ਼ੋ੍ਰਮਣੀ ਸਾਹਿਤਕਾਰ ਅਤਰਜੀਤ ਸਿੰਘ ਦੀ ਅਗਵਾਈ ਵਾਲੇ ਪ੍ਰਧਾਨਗੀ ਮੰਡਲ ਵਿਚ ਜਸਪਾਲ ਮਾਨਖੇੜਾ ਸਕੱਤਰ ਪ੍ਰਗਤੀਸ਼ੀਲ ਲੇਖਕ ਸੰਘ, ਗੁਰਦੇਵ ਖੋਖਰ ਉੱਘੇ ਆਲੋਚਕ, ਗੁਰਪ੍ਰੇਮ ਲਹਿਰੀ ਪੱਤਰਕਾਰ, ਸੁਮਨ ਸ਼ਰਮਾ ਆਦਿ ਸ਼ਾਮਲ ਸਨ। ਸਮਾਗਮ ਦੀ ਸ਼ੁੁਰੂਆਤ ਕਰਦਿਆਂ ਜਸਪਾਲ ਮਾਨਖੇੜਾ ਨੇ ਸਮੂਹ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਆਖਿਆ, ਜਦਕਿ ਸੁਖਵਿੰਦਰ ਸੁੱਖਾ ਮੈਂਬਰ ਸਾਹਿਤ ਸਭਾ ਨੇ ਨਾਵਲ ‘ਵਿਦੇਸ਼ੀ ਚਿੜੀ’ ਨਾਲ ਜਾਣ ਪਛਾਣ ਕਰਵਾਈ।
ਸ਼ਾਇਰ ਘਣੀਆ ਨੇ ਦੱਸਿਆ ਕਿ ਪ੍ਰਧਾਨਗੀ ਮੰਡਲ ਨੇ ਬਲਵਿੰਦਰ ਸ਼ਰਮਾ ਨੂੰ ਵਧਾਈ ਦਿੰਦਿਆਂ ‘ਵਿਦੇਸ਼ੀ ਚਿੜੀ’ ਨਾਵਲ ਪਾਠਕਾਂ ਦੇ ਸਪੁਰਦ ਕੀਤਾ। ਉਪਰੋਕਤ ਬੁਲਾਰਿਆਂ ਤੋਂ ਇਲਾਵਾ ਸਾਹਿਤਕਾਰਾਂ ਡਾ. ਅਜੀਤਪਾਲ ਸਿੰਘ, ਜਗਮੇਲ ਜਠੌਲ, ਜਸਵਿੰਦਰ ਜਸ, ਸੁਖਦਰਸ਼ਨ ਗਰਗ, ਰਣਜੀਤ ਗੌਰਵ, ਕੁਲਦੀਪ ਬੰਗੀ, ਕਾਮਰੇਡ ਜਰਨੈਲ ਸਿੰਘ ਅਗਾਜ਼ਵੀਰ, ਵਜੀਰ ਅਲੀ ਖਾਨ ਨੇ ਸ਼ਰਮਾ ਨੂੰ ਵਧਾਈ ਦਿੰਦਿਆਂ ਸਾਹਿਤ ਕਲਾ ਦੇ ਖੇਤਰ ਵਿਚ ਜੀ ਆਇਆਂ ਨੂੰ ਆਖਿਆ।
ਇਸ ਮੌਕੇ ਬਲਵਿੰਦਰ ਸ਼ਰਮਾ ਨੇ ਦੱਸਿਆ ਕਿ ਉਸਦੇ ਲੇਖਕ ਬਨਣ ਵਿਚ ਉਸਦੀ ਪਤਨੀ ਸੁਮਨ ਸ਼ਰਮਾ ਦਾ ਵੱਡਾ ਸਹਿਯੋਗ ਰਿਹਾ ਹੈ। ਇਸ ਤੋਂ ਪਹਿਲਾਂ ਉਹ ਇਕ ਨਾਟਕ ‘ਅਜ਼ਾਦ ਹੋ ਰਹੇ ਗੁਲਾਮ’ ਅਤੇ ਨਾਵਲ ‘ਡਬਲ ਮਰਡਰ’ ਵੀ ਲਿਖ ਚੁੱਕੇ ਹਨ। ਇਹ ਨਾਵਲ ਇਕ ਸੱਚੀ ਕਹਾਣੀ ’ਤੇ ਆਧਾਰਿਤ ਹੈ। ਉਮੀਦ ਹੈ ਇਹ ਪਾਠਕਾਂ ਨੂੰ ਬਹੁਤ ਪਸੰਦ ਆਵੇਗਾ।
ਅੰਤ ਵਿਚ ਲੇਖਕ ਅਮਰਜੀਤ ਜੀਤ ਨੇ ਉੱਘੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਦਾ ਸਮਾਗਮ ਵਿਚ ਪਹੁੰਚਣ ’ਤੇ ਧੰਨਵਾਦ ਕੀਤਾ।





















