ਅਧੀਨ ਸੇਵਾਵਾਂ ਚੋਣ ਬੋਰਡ,ਪੰਜਾਬ ਦੇ ਚੇਅਰਮੈਨ ਰਮਨ ਬਹਿਲ ਨੇ ਦਿੱਤਾ ਅਸਤੀਫਾ

ਚੰਡੀਗੜ੍ਹ,8 ਨਵੰਬਰ(ਵਿਸ਼ਵ ਵਾਰਤਾ)- : ਪੰਜਾਬ ਸਬਆਰਡੀਨੇਟ ਸਲੈਕਸ਼ਨ ਬੋਰਡ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤੇ ਜਾਣ ਦੀ ਖਬਰ ਮਿਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਵੱਲੋਂ ਆਪਣਾ ਅਸਤੀਫਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭੇਜ ਦਿੱਤਾ ਗਿਆ ਹੈ। ਸੂਤਰ ਇਹ ਵੀ ਦੱਸਦੇ ਹਨ ਕਿ ਉਹ ਆਉਣ ਵਾਲੇ ਦਿਨਾਂ ਚ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਕਿਉਂਕਿ ਆਮ ਆਦਮੀ ਪਾਰਟੀ ਦੇ ਬਾਨੀ ਅਰਵਿੰਦ ਕੇਜਰੀਵਾਲ ਦੇ ਨੇੜਲੇ ਆਗੂਆਂ ਨਾਲ ਉਨ੍ਹਾਂ ਦੀ ਇੱਕ ਗੁਪਤ ਮੀਟਿੰਗ ਹੋਣ ਬਾਰੇ ਵੀ ਪਤਾ ਲੱਗਾ ਹੈ ।ਜਿਕਰਯੋਗ ਹੈ ਕਿ ਰਮਨ ਬਹਿਲ ਜੱਦੀ ਪੁਸ਼ਤੀ ਕਾਂਗਰਸੀ ਸਾਬਕਾ ਮੰਤਰੀ ਖੁਸ਼ਹਾਲ ਬਹਿਲ ਦੇ ਪੁੱਤਰ ਹਨ ਅਤੇ ਉਨ੍ਹਾਂ ਦਾ ਆਪਣਾ ਮਾਝੇ ਵਿਚ ਚੰਗਾ ਆਧਾਰ ਹੈ ।
ਦੱਸਿਆ ਜਾ ਰਿਹਾ ਹੈ ਕਿ ਉਹ ਗੁਰਦਾਸਪੁਰ ਹਲਕੇ ਤੋਂ ਵਿਧਾਨ ਸਭਾ ਦੀ ਟਿਕਟ ਲੈਣ ਦੇ ਚਾਹਵਾਨ ਸਨ, ਪਰ ਤਿੰਨ ਮੰਤਰੀਆਂ ਦੀ ਮਾਝਾ ਐਕਸਪ੍ਰੈੱਸ ਦੀ ਟੀਮ ਦੇ ਮੈਂਬਰ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨਾਲ ਉਨ੍ਹਾਂ ਦੀ ਦਾਲ ਨਹੀਂ ਗਲ ਰਹੀ ।ਜਿਸ ਕਾਰਨ ਉਨ੍ਹਾਂ ਦੇ ਵਰਕਰਾਂ ਦਾ ਸਰਕਾਰੇ ਦਰਬਾਰੇ ਕੰਮ ਰੋਕੇ ਜਾਣ ਤੋਂ ਰਮਨ ਬਹਿਲ ਵਿਧਾਇਕ ਪਾਹੜਾ ਤੋਂ ਨਿਰਾਸ਼ ਵੀ ਚਲੇ ਆ ਰਹੇ ਹਨ ।





















