ਚੰਡੀਗੜ੍ਹ 23 ਫਰਵਰੀ (ਵਿਸ਼ਵ ਵਾਰਤਾ)- ਵਿਜੀਲੈਂਸ ਬਿਓਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਥਾਣਾ ਤਲਵੰਡੀ ਸਾਬੋਂ ਜਿਲਾ ਬਠਿੰਡਾ ਵਿਖੇ ਤਾਇਨਾਤ ਥਾਣੇਦਾਰ ਅਤੇ ਹੌਲਦਾਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦਸਿਆ ਕਿ ਥਾਣਾ ਤਲਵੰਡੀ ਸਾਬੋਂ ਜਿਲਾ ਬਠਿੰਡਾ ਵਿਖੇ ਤਾਇਨਾਤ ਥਾਣੇਦਾਰ ਮਹਿੰਦਰਜੀਤਸਿੰਘ ਅਤੇ ਹੌਲਦਾਰ ਗੁਰਮੀਤ ਸਿੰਘ ਨੂੰ ਸ਼ਿਕਾਇਤਕਰਤਾ ਬਸੰਤ ਸਿੰਘ ਵਾਸੀ ਪਿੰਡ ਬੱਲ੍ਹੋ, ਤਹਿਸੀਲ ਮੋੜ ਜਿਲਾ ਬਠਿੰਡਾ ਦੀ ਸ਼ਿਕਾਇਤ ਉੱਤੇ ਵਿਜੀਲੈਂਸ ਬਿਓਰੋ ਵਲੋਂ ਰੰਗੇਹੱਥੀਂ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਓਰੋ ਨੂੰ ਆਪਣੀ ਸ਼ਿਕਾਇਤ ਵਿੱਚ ਦਸਿਆ ਕਿ ਉਕਤ ਥਾਣੇਦਾਰ ਅਤੇ ਹੌਲਦਾਰ ਉਸ ਵਲੋਂ ਦਿੱਤੀ ਦਰਖਾਸਤ’ਤੇ ਕਾਰਵਾਈ ਕਰਨ ਬਦਲੇ 35 ਹਜਾਰ ਰੁਪਏ ਦੀ ਮੰਗ ਕਰ ਰਹੇ ਹਨ ਹੈ ਅਤੇ ਉਸ ਵਲੋਂ ਪਹਿਲੀ ਕਿਸ਼ਤ ਦੇ 12500 ਰੁਪਏ ਉਨ੍ਹਾਂ ਨੂੰ ਅਦਾ ਕੀਤੇ ਜਾ ਚੁੱਕੇ ਹਨ।
ਵਿਜੀਲੈਂਸ ਵਲੋਂ ਪੜਤਾਲ ਉਪਰੰਤ ਉਕਤ ਦੋਹਾਂ ਦੋਸ਼ੀਆਂ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 17500/- ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰਲਿਆ ਗਿਆ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਬਠਿੰਡਾ ਵਿਖੇ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈਆਰੰਭ ਕਰ ਦਿੱਤੀ ਗਈ ਹੈ।