ਪੰਜਾਬ ਦੇ ਮੌਸਮ ਵਿਚ ਵਿਗਾੜ ਆਇਆ, ਕਿਸਾਨ ਘਬਰਾਇਆ

ਬਿਗੜੇ ਮੌਸਮ ਵਿਚ ਭੈਣੀ ਬਾਘਾ ਦੇ ਖਰੀਦ ਕੇਂਦਰ ਵਿਚ ਨੀਲੇ ਅੰਬਰ ਹੇਠ ਪਿਆ ਝੋਨਾ
ਮਾਨਸਾ 17 ਅਕਤੂਬਰ (ਵਿਸ਼ਵ ਵਾਰਤਾ):-ਕੇਰਲਾ ਵਿਚ ਭਾਰੀ ਮੀਂਹਾਂ ਤੋਂ ਬਾਅਦ ਹੁਣ ਪੰਜਾਬ ਵਿਚ ਤੇਜ਼ ਹਨ੍ਹੇਰੀ ਅਤੇ ਮੀਂਹ ਪੈਣ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ, ਜਿਸ ਤੋਂ ਅੰਨਦਾਤਾ ਘਬਰਾ ਗਿਆ ਹੈ। ਰਾਜ ਭਰ ਵਿੱਚ ਅੱਜਕਲ੍ਹ ਝੋਨੇ ਦੀ ਵਿਢਾਈ, ਤੁਲਾਈ ਅਤੇ ਨਰਮੇ ਦੀ ਚੁਗਾਈ ਦਾ ਕਾਰਜ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ। ਮੌਸਮ ਦੇ ਮਿਜ਼ਾਜ ਵਿਗੜਦਿਆਂ ਹੀ ਕਿਸਾਨ ਘਬਰਾਉਣ ਲੱਗਿਆ ਹੈ, ਕਿਉਂਕਿ ਥੋੜੀ ਜਿਹੀ ਸਿੱਲ ਨਾਲ ਹੀ ਖੇਤਾਂ ਵਿਚ ਕੰਬਾਈਨਾਂ ਦਾ ਚੱਲਣਾ ਬੰਦ ਹੋ ਜਾਂਦਾ ਹੈ ਅਤੇ ਇਸ ਨਾਲ ਹੀ ਮੰਡੀਆਂ ਵਿੱਚ ਵਿਕਣ ਲਈ ਆਏ ਝੋਨੇ ਦੀ ਨਮੀ ਵਾਲੀ ਮਾਤਰਾ ਵੱਧ ਜਾਣ ਨਾਲ ਬੋਲੀ ਨਾ ਲੱਗਣ ਖ਼ਤਰਾ ਖੜ੍ਹਾ ਹੋ ਜਾਂਦਾ ਹੈ।
ਭਾਵੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀ ਡਾ ਰਾਜ ਕੁਮਾਰ ਪਾਲ ਨੇ ਬੇਈਮਾਨ ਹੋਏ ਮੌਸਮ ਦੀ ਜਾਣਕਾਰੀ ਕਿਸਾਨਾਂ ਨੂੰ ਦੇ ਦਿੱਤੀ ਗਈ ਹੈ, ਪਰ ਮੰਡੀਆਂ ਵਿੱਚ ਝੋਨੇ ਅਤੇ ਨਰਮੇ ਨੂੰ ਲੈਕੇ ਆਏ ਕਿਸਾਨਾਂ ਕੋਲ ਫ਼ਸਲ ਨੂੰ ਭਿੱਜਣ ਤੋਂ ਬਚਾਉਣ ਦਾ ਕੋਈ ਪ੍ਰਬੰਧ ਨਹੀਂ ਹੈ, ਜਦੋਂ ਕਿ ਮੰਡੀਆਂ ਵਿੱਚ ਫਸਲ ਦੀ ਭਿੱਜਣ ਸਮੇਤ ਹਰ ਤਰ੍ਹਾਂ ਦੀ ਰਾਖੀ ਪੰਜਾਬ ਮੰਡੀ ਬੋਰਡ ਵੱਲੋਂ ਕਰਨੀ ਹੁੰਦੀ ਹੈ, ਜਿੰਨ੍ਹਾਂ ਕੋਲ ਪੂਰੇ ਪ੍ਰਬੰਧਾਂ ਪ੍ਰਤੀ ਜਾਣਕਾਰੀ ਦਾ ਅਜੇ ਤੱਕ ਕੋਈ ਪਥ ਨਹੀਂ ਲੱਗ ਸਕਿਆ ਹੈ।
ਭਾਵੇਂ ਪੰਜਾਬ ਸਰਕਾਰ ਵੱਲੋਂ ਆੜਤੀਆਂ ਨੂੰ ਫ਼ਸਲ ਨੂੰ ਭਿੱਜਣ ਤੋਂ ਬਚਾਉਣ ਲਈ ਆੜਤੀਆਂ ਨੂੰ ਬਕਾਇਦਾ ਨਿਰਦੇਸ਼ ਦਿੱਤੇ ਗਏ ਹਨ, ਪਰ ਆੜਤੀਆਂ ਕੋਲ ਏਨੀ ਵੱਡੀ ਗਿਣਤੀ ਵਿਚ ਤਰਪਾਲਾਂ ਹੋਣ ਦਾ ਕੋਈ ਪੁਖਤਾ ਜਾਣਕਾਰੀ ਨਹੀਂ ਹੈ।
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ ਦੇ ਵਿਗਿਆਨੀ ਡਾ ਜੀ ਐਸ ਰੋਮਾਣਾ ਦਾ ਕਹਿਣਾ ਹੈ ਕਿ ਹੁਣ ਤੇਜ਼ ਧੁੱਪ ਵਾਲੇ ਮੌਸਮ ਦੀ ਲੋੜ ਸੀ, ਪਰ ਹੁਣ ਵਿਗੜੇ ਮੌਸਮ ਨੇ ਕਿਸਾਨਾਂ ਸਮੇਤ ਸਭ ਨੂੰ ਡਰਾ ਧਰਿਆ ਹੈ।
ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਆੜਤੀਆਂ ਦੇ ਨਾਲ ਨਾਲ ਖ਼ਰੀਦ ਕੇਂਦਰਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਫ਼ਸਲ ਨੂੰ ਭਿੱਜਣ ਤੋਂ ਬਚਾਉਣ ਲਈ ਹਰ ਤਰ੍ਹਾਂ ਦਾ ਉਪਰਾਲਾ ਕਰਨ।






















