ਆਰਯਨ ਬਣੇ ਐਸਐਫਆਈ ਪੰਜਾਬ ਦੇ ਕਾਰਜਕਾਰੀ ਸਕੱਤਰ

ਚੰਡੀਗੜ੍ਹ, 16 ਅਕਤੂਬਰ ( ਵਿਸ਼ਵ ਵਾਰਤਾ ): ਅੱਜ ਇਥੇ ਐਸਐਫਆਈ ਪੰਜਾਬ ਦੀ ਜਨਰਲ ਬਾਡੀ ਮੀਟਿੰਗ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਢੇਰ ਦੀ ਪ੍ਰਧਾਨਗੀ ਵਿੱਚ ਹੋਈ। ਮੀਟਿੰਗ ਵਿੱਚ ਜਥੇਬੰਦੀ ਦੇ ਕੌਮੀ ਸਕੱਤਰ ਦਿਨਿਤ ਦੇਂਤਾ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਮੀਟਿੰਗ ਵਿੱਚ ਆਰਯਨ ਨੂੰ ਸਰਵਸੰਮਤੀ ਨਾਲ ਜਥੇਬੰਦੀ ਦਾ ਸੂਬਾ ਕਾਰਜਕਾਰੀ ਸਕੱਤਰ ਬਣਾਇਆ ਗਿਆ। ਮੀਟਿੰਗ ਵਿੱਚ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਡੂੰਘੀਆਂ ਵਿਚਾਰਾਂ ਹੋਈਆਂ।
ਇਸ ਦੌਰਾਨ ਫੈਸਲਾ ਲਿਆ ਗਿਆ ਕਿ ਜਥੇਬੰਦੀ ਦੀ ਮੈਂਬਰਸ਼ਿਪ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਅਤੇ ਜਲਦ ਹੀ ਯੂਨਿਟਾਂ ਦੀਆਂ ਕਾਨਫਰੰਸਾਂ ਕੀਤੀਆਂ ਜਾਣਗੀਆਂ। ਇਸ ਮੌਕੇ ਸਾਥੀ ਦਿਨਿਤ ਨੇ ਕਿਹਾ ਕਿ ਮੋਦੀ ਸਰਕਾਰ ਵਿੱਦਿਆ ਦਾ ਭਗਵਾਂਕਰਨ ਅਤੇ ਨਿੱਜੀਕਰਨ ਕਰਨ ਲੱਗੀ ਹੋਈ ਹੈ। ਅਜਿਹਾ ਕਰਕੇ ਆਮ ਵਿਅਕਤੀ ਤੋਂ ਵਿੱਦਿਆ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਇਸ ਦੇ ਖ਼ਿਲਾਫ਼ ਸੰਘਰਸ਼ ਕਰੇਗੀ। ਇਸੇ ਤਰ੍ਹਾਂ ਜਸਵਿੰਦਰ ਸਿੰਘ ਢੇਰ ਨੇ ਕਿਹਾ ਕਿ ਜਥੇਬੰਦੀ ਨੂੰ ਪੰਜਾਬ ਵਿੱਚ ਹੋਰ ਮਜ਼ਬੂਤ ਕਰਨ ਲਈ ਪੂਰਾ ਜ਼ੋਰ ਲਗਾਇਆ ਜਾਵੇਗਾ। ਆਰਯਨ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਥੇਬੰਦੀ ਨੇ ਜੋ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ, ਉਹ ਉਸ ‘ਤੇ ਖਰਾ ਉਤਰਨਗੇ। ਇਸ ਮੌਕੇ ਪੰਜਾਬ ਅਤੇ ਚੰਡੀਗੜ੍ਹ ਸੂਬਾ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਹੋਰ ਵੀ ਸਾਥੀ ਮੌਜੂਦ ਸਨ।






















