ਕੇਂਦਰ ਸਰਕਾਰ ਘੱਟ-ਗਿਣਤੀਆਂ ਦੀ ਹਿਫਾਜ਼ਤ ਯਕੀਨੀ ਬਣਾਵੇ-ਰਵੀਇੰਦਰ ਸਿੰਘ
ਚੰਡੀਗੜ, 13 ਅਕਤੂਬਰ (ਵਿਸ਼ਵ ਵਾਰਤਾ) ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਵਾਪਰ ਰਹੀਆਂ ਹਿੰਸਕ ਘਟਨਾਵਾਂ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਘੱਟ-ਗਿਣਤੀਆਂ ਤੇ ਹੋ ਰਹੇ ਹਮਲੇ, ਸਰਕਾਰੀ ਦਾਅਵਿਆਂ ਦੀ ਫੂਕ ਕੱਢ ਰਹੇ ਹਨ ਜੋ ਅਮਨ ਕਨੂੰਨ ਦੀ ਸਥਿਤੀ ਨੂੰ ਠੀਕ ਦੱਸ ਰਹੇ ਹਨ ।ਸਾਬਕਾ ਸਪੀਕਰ ਰਵੀਇੰਦਰ ਸਿੰਘ ਨੇ ਦੋਸ਼ ਲਾਇਆ ਕਿ ਕਸ਼ਮੀਰ ਚ ਬੇਗੁਨਾਹ ਮਹਿਲਾ ਪ੍ਰਿੰਸੀਪਲ ਤੇ ਦੋ ਹੋਰਨਾ ਨੂੰ ਦਹਿਸ਼ਤਗਰਦਾਂ ਗੋਲੀਆਂ ਨਾਲ ਹਲਾਕ ਕਰ ਦਿਤਾ, ਜੋ ਬੱਚਿਆਂ ਨੂੰ ਪੜਾ ਰਹੇ ਸਨ ।ਇਸ ਤੋਂ ਇਲਾਵਾ ਪੰਜ਼ ਸੈਨਿਕ ਜਵਾਨ ਮੁਕਾਬਲੇ ਚ ਸ਼ਹੀਦ ਹੋ ਗਏ, ਜਿੰਨਾਂ ਦਾ ਅੱਜ਼ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿਤਾ ਗਿਆ।ਉਨਾ ਸ਼ਿਲਾਂਗ ਚ
ਸਿੱਖ ਕਿਸਾਨਾਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਸਖਤ ਮਿਹਨਤ ਨਾਲ ਉਨਾਂ ਬੇਅਬਾਦ ਜ਼ਮੀਨਾ ਵਾਹੀ ਯੋਗ ਬਣਾਈਆਂ ਹਨ ਪਰ ਉਥੋਂ ਦੀ ਸਰਕਾਰ ਅੰਨਦਾਤੇ ਦਾ ਉਜਾੜਾ ਕਰਨ ਤੇ ਤੁਲੀ ਹੈ।ਅਜਿਹੀ ਸਥਿਤੀ ਚ ਕੇਂਦਰ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਹੈ ਤਾਂ ਜੋ ਪੀੜਤਾਂ ਨੂੰ ਰਾਹਤ ਮਿਲ ਸਕੇ।ਅਤੀਤ ਦੇ ਹਵਾਲੇ ਨਾਲ ਉਨਾ ਦੋਸ਼ ਲਾਇਆ ਕਿ ਅੰਗਰੇਜ ਸਾਮਰਾਜ ਤੇ ਹਿੰਦ-ਪਾਕਿ; ਵੰਡ ਵੇਲੇ,ਦੋਹਾਂ ਮੁਲਕਾਂ ਦੇ ਸਿਆਸਤਦਾਨਾ ਘਟੀਆ ਸਿਆਸਤ ਕੀਤੀ ਜਿਸ ਦਾ ਖਮਿਆਜਾ ਲੋਕ ਭੁਗਤ ਰਹੇ ਹਨ।ਉਨਾ ਇਹ ਵੀ ਕਿਹਾ ਕਿ 1965 ਤੇ1971 ਦੀਆਂ ਜੰਗਾਂ ਭਾਰਤ ਨੇ ਜਿੱਤ ਲਈਆਂ ਸਨ ਪਰ ਸਾਡੇ ਨੇਤਾ ਕਸ਼ਮੀਰ ਸਮੱਸਿਆ ਹੱਲ ਕਰਨ ਚ ਬੁਰੀ ਤਰਾਂ ਨਾਕਾਮ ਰਹੇ।ਉਨਾ ਮੋਦੀਸਰਕਾਰ ਤੇ ਜ਼ੋਰ ਦਿਤਾ ਕਿ ਉਹ ਸਰਹੱਦਾਂ ਸ਼ਾਂਤ ਕਰਨ ਦੇ ਨਾਲ-ਨਾਲ ਘੱਟ-ਗਿਣਤੀਆਂ ਦੀ ਹਿਫਾਜ਼ਤ ਲਈ ਹਰ ਸੰਭਵ ਯਤਨ ਕਰੇ ।























