ਕਿਸਾਨਾਂ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਕੋਠੀ ਅੱਗੇ ਧਰਨਾ ਅੱਜ 9ਵੇਂ ਦਿਨ ਵੀ ਰਿਹਾ ਜਾਰੀ
ਕਿਸਾਨਾਂ ਦੀ ਪੰਜਾਬ ਸਰਕਾਰ ਨਾਲ ਮੁਆਵਜ਼ੇ ਸੰਬੰਧੀ ਹੋਈ ਮੀਟਿੰਗ ਵਿੱਚ ਨਹੀਂ ਨਿਕਲਿਆ ਕੋਈ ਹੱਲ

ਲੰਬੀ, 13 ਅਕਤੂਬਰ (ਵਿਸ਼ਵ ਵਾਰਤਾ) ਨਰਮੇ ਅਤੇ ਹੋਰ ਫਸਲਾਂ ਦੇ ਖ਼ਰਾਬੇ ਦੇਾ ਮੁਆਵਜ਼ੇ ਲੈਣ ਲਈ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦੇ ਘਿਰਾਓ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪੰਜ ਜ਼ਿਲ੍ਹਿਆਂ ਦਾ ਬਾਦਲ ਮੋਰਚਾ ਅੱਜ ਨੌਵੇਂ ਦਿਨ ਵੀ ਜਾਰੀ ਹੈ । ਇਸ ਸਬੰਧੀ ਅੱਜ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਚੰਡੀਗੜ੍ਹ ਵਿਖੇ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਜੋ ਕਿ ਬੇਸਿੱਟਾ ਰਹੀ । ਅੱਜ ਮੀਟਿੰਗ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਤਰਫੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ,ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ,ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ , ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਗੁਰਭੇਜ ਸਿੰਘ ਅਤੇ ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਗੁਰਪਾਸ਼ ਸਿੰਘ ਸਿੰਘੇਵਾਲਾ ਸ਼ਾਮਲ ਸਨ ਅਤੇ ਸਰਕਾਰ ਦੀ ਤਰਫੋਂ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ, ਵਿੱਤ ਕਮਿਸ਼ਨਰ ਮਾਲ , ਵਿੱਤ ਸਕੱਤਰ ਵਿਕਾਸ ਅਤੇ ਖੇਤੀਬਾਡ਼ੀ ਅਤੇ ਹੋਰ ਵਿਭਾਗਾਂ ਦੇ ਅਫਸਰ ਵੀ ਸ਼ਾਮਲ ਸਨ ਜਿਨ੍ਹਾਂ ਨੇ ਕਿਸਾਨ ਆਗੂਆਂ ਨਾਲ ਟਿੱਚਰਾਂ ਦੇ ਲਹਿਜੇ ਚ ਗੱਲਬਾਤ ਕੀਤੀ । ਅੱਜ ਸਟੇਜ ਤੋਂ ਸੰਬੋਧਨ ਕਰਦਿਆਂ ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਦੀ ਸਹੁੰ ਚੁੱਕਣ ਤੋਂ ਬਾਅਦ ਕਿਹਾ ਸੀ ਕਿ ਸਾਡੀ ਸਰਕਾਰ ਕਿਸਾਨਾਂ ਮਜ਼ਦੂਰਾਂ ਲਈ ਹੀ ਕੰਮ ਕਰੇਗੀ ਅਤੇ ਇਥੋਂ ਤਕ ਕਿਹਾ ਸੀ ਕਿ ਲੋੜ ਪੈਣ ਤੇ ਉਹ ਕਿਸਾਨਾਂ ਲਈ ਆਪਣਾ ਗਲਾ ਕਟਾ ਦੇਣਗੇ ਪਰ ਇਸ ਵਾਰ ਗੁਲਾਬੀ ਸੁੰਡੀ ਕਾਰਨ ਨਰਮਾ ਅਤੇ ਹੋਰ ਕੁਦਰਤੀ ਕਾਰਨਾਂ ਕਰ ਕੇ ਹੋਰ ਫ਼ਸਲਾਂ ਤਬਾਹ ਹੋ ਗਈਆਂ ਹਨ ਜਿਸ ਕਾਰਨ ਕਿਸਾਨਾਂ ਮਜ਼ਦੂਰਾਂ ਦਾ ਬਹੁਤ ਵੱਡਾ ਆਰਥਕ ਨੁਕਸਾਨ ਹੋ ਗਿਆ ਹੈ ਅਤੇ ਪਹਿਲਾਂ ਤੋਂ ਹੀ ਆਰਥਿਕ ਤੰਗੀਆਂ ਅਤੇ ਕਰਜ਼ਿਆਂ ਕਾਰਨ ਖ਼ੁਦਕਸ਼ੀਆਂ ਕਰ ਰਹੇ ਕਿਸਾਨਾਂ ਵਿੱਚ ਫ਼ਸਲ ਦੀ ਇਸ ਤਬਾਹੀ ਕਾਰਨ ਖ਼ੁਦਕੁਸ਼ੀਆਂ ਦਾ ਦੌਰ ਤੇਜ਼ ਹੋ ਗਿਆ ਹੈ । ਜਿਸ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨ ਨੌਂ ਦਿਨਾਂ ਤੋਂ ਬਾਦਲ ਵਿਖੇ ਦਿਨ ਰਾਤ ਦਾ ਮੋਰਚਾ ਲਾਈ ਬੈਠੇ ਹਨ । ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਜਿਸ ਦੇ ਘਰ ਮੂਹਰੇ ਕਿਸਾਨ ਮਜ਼ਦੂਰ ਬੈਠੇ ਹਨ ਹਾਲੇ ਤੱਕ ਉਨ੍ਹਾਂ ਨੂੰ ਫਸਲਾਂ ਦੇ ਖਰਾਬੇ ਦੇ ਮੁਆਵਜ਼ੇ ਦੀ ਮੰਗ ਤਾਂ ਦੂਰ ਕਿਸਾਨਾਂ ਮਜ਼ਦੂਰਾਂ ਨਾਲ ਮੀਟਿੰਗ ਕਰਨ ਦੀ ਜ਼ਰੂਰਤ ਵੀ ਨਹੀਂ ਸਮਝੀ । ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪੁਲੀਸ ਵੱਲੋਂ ਕੱਲ੍ਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਕੀਤੇ ਲਾਠੀਚਾਰਜ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ । ਉਨ੍ਹਾਂ ਕਿਹਾ ਕਿ ਟਾਟਾ ਕੰਪਨੀ ਵੱਲੋਂ ਪੰਜਾਬ ਸਰਕਾਰ ਦੁਆਰਾ ਮਹਿੰਗੇ ਰੇਟ ਤੇ ਬਿਜਲੀ ਖਰੀਦ ਕੇ ਕਾਰਪੋਰੇਟਾਂ ਨੂੰ ਗੱਫੇ ਦਿੱਤੇ ਜਾ ਰਹੇ ਹਨ ਜਦੋਂ ਕਿ ਉਨ੍ਹਾਂ ਨਾਲ ਦੋ ਹਜਾਰ ਸੱਤ ਤੋਂ ਪੱਚੀ ਸਾਲਾਂ ਲਈ ਇਸ ਤੋਂ ਅੱਧੇ ਰੇਟ ਤੇ ਬਿਜਲੀ ਲੈਣ ਦਾ ਸਮਝੌਤਾ ਕੀਤਾ ਹੋਇਆ ਹੈ ।ਪੰਜਾਬ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਰਾਹਤ ਦੇਣ ਲਈ ਕਨੂੰਨਾਂ ਅੜਿੱਕਾ ਬਣਦੇ ਹਨ ਪਰ ਕਾਰਪੋਰੇਟਾਂ ਨੂੰ ਕੀਤੇ ਸਮਝੌਤੇ ਲੰਘ ਕੇ ਵੀ ਕਾਰਪੋਰੇਟਾਂ ਦੇ ਮੁਤਾਬਕ ਉਨ੍ਹਾਂ ਲਈ ਖਜ਼ਾਨਾ ਖੋਲ੍ਹ ਦਿੱਤਾ ਜਾਂਦਾ ਹੈ । ਇਸੇ ਤਰ੍ਹਾਂ ਹੁਣ ਦੇਸ਼ ਦੀ ਖੇਤੀ ਤੇ ਵੀ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਇਆ ਜਾ ਰਿਹਾ ਹੈ ਜਿਸ ਘਰ ਨੂੰ ਖੇਤੀ ਲਾਗਤ ਦੀਆਂ ਵਸਤਾਂ ਨੂੰ ਆਪਣੀ ਮਨ ਮਰਜ਼ੀ ਰੇਟਾਂ ਤੇ ਵੇਚ ਰਹੇ ਹਨ ਅਤੇ ਨਕਲੀ ਵਸਤਾਂ ਵੇਚਣ ਕਾਰਨ ਹੋਇਆ ਨੁਕਸਾਨ ਵੀ ਕਿਸਾਨਾਂ ਨੂੰ ਹੀ ਝੱਲਣਾ ਪੈ ਰਿਹਾ ਹੈ । ਉਨ੍ਹਾਂ ਕਿਹਾ ਕਿ ਫਸਲਾਂ ਦੇ ਖਰਾਬੇ ਦਾ ਪੂਰਾ ਮੁਆਵਜ਼ਾ ਲੈਣ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਇਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਇਸ ਲਈ ਉਨ੍ਹਾਂ ਕਿਸਾਨਾਂ , ਮਜ਼ਦੂਰਾਂ ਤੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਸੰਘਰਸ਼ ਦੇ ਮੈਦਾਨ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ । ਅੱਜ ਦੇ ਧਰਨੇ ਨੂੰ ਔਰਤ ਜਥੇਬੰਦੀ ਦੀ ਸੂਬਾ ਆਗੂ ਹਰਿੰਦਰ ਬਿੰਦੂ ,ਪਰਮਜੀਤ ਕੌਰ ਪਿੱਥੋ , ਪੂਰਨ ਸਿੰਘ ਦੋਦਾ, ਕੁਲਵੰਤ ਸ਼ਰਮਾ, ਹਰਿੰਦਰ ਬਿੰਦੂ , ਜੁਗਦੇਵ ਸਿੰਘ ਜੋਗੇਵਾਲਾ, ਗੁਰਪਾਲ ਸਿੰਘ ਦਿਉਣ ਅਤੇ ਜਸਪਾਲ ਸਿੰਘ ਕੋਠਾਗੁਰੂ ਨੇ ਵੀ ਸੰਬੋਧਨ ਕੀਤਾ ।ਲੋਕ ਪੱਖੀ ਗੀਤਕਾਰ ਹਰਬੰਸ ਸਿੰਘ ਘਣੀਆਂ , ਅਜਮੇਰ ਸਿੰਘ ਅਕਲੀਆ ਅਤੇ ਦਰਸ਼ਨ ਸਿੰਘ ਬਾਂਡੀ ਨੇ ਗੀਤ ਪੇਸ ਕੀਤੇ ।
ਜਾਰੀ ਕਰਤਾ ਜਸਵੀਰ ਸਿੰਘ ਬੁਰਜ ਸੇਮਾ
ਮੋਬਾਇਲ ਨੰਬਰ 9041040725





















