ਸ਼ਾਹੀ ਠਾਠ-ਬਾਠ ਨਹੀਂ ਸਾਦਗੀ ਕਾਰਨ ਇਤਿਹਾਸ ਦਾ ਹਿੱਸਾ ਬਣਿਆ ਮੁੱਖ ਮੰਤਰੀ ਚੰਨੀ ਦੇ ਮੁੰਡੇ ਦਾ ਵਿਆਹ

ਚੰਡੀਗੜ੍ਹ, 10ਅਕਤੂਬਰ(ਵਿਸ਼ਵ ਵਾਰਤਾ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਟੇ ਨਵਜੀਤ ਸਿੰਘ ਦਾ ਵਿਆਹ ਅੱਜ ਮੋਹਾਲੀ ਦੇ 3ਬੀ-2 ਫੇਜ਼ ਵਿੱਚ ਸਥਿਤ ਗੁਰਦੁਆਰਾ ਸਾਚਾ ਧੰਨ ਸਾਹਿਬ ਵਿਖੇ ਹੋਇਆ। ਇਸ ਵਿਆਹ ਦਾ ਚਰਚਾ ਸਾਰੇ ਪਾਸੇ ਇਸ ਵਿੱਚ ਸ਼ਾਮਲ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ,ਚੀਫ ਸਕੱਤਰ ਅਤੇ ਹੋਰ ਵਿਧਾਇਕਾਂ ਜਾਂ ਮੰਤਰੀਆਂ ਕਾਰਨ ਨਹੀਂ ਸਗੋਂ, ਇਹਨਾਂ ਸਭ ਦੀ ਮੌਜ਼ੂਦਗੀ ਵਿੱਚ ਵੀ ਬੇਹੱਦ ਸਾਦਗੀ ਅਤੇ ਸੰਜੀਦਗੀ ਭਰੇ ਸਮਾਗਮ ਕਾਰਨ ਹੋ ਰਿਹਾ ਹੈ। ਮੁੱਖ ਮੰਤਰੀ ਚੰਨੀ ਅਹੁਦਾ ਸੰਭਾਲਣ ਤੋਂ ਬਾਅਦ ਤੋਂ ਹੀ ਆਪਣੇ ਆਮ ਆਦਮੀ ਵਾਲੇ ਆਚਰਣ ਅਤੇ ਸਾਦਗੀ ਭਰੇ ਲਹਿਜ਼ੇ ਕਾਰਨ ਚਰਚਾ ਵਿੱਚ ਹਨ।

ਜਦੋਂ ਕੋਈ ਸੁਣਦਾ ਹੈ ਕਿ ਮੁੱਖ ਮੰਤਰੀ ਦੇ ਮੁੰਡੇ ਦਾ ਵਿਆਹ ਹੈ ਤਾਂ ਸ਼ਾਹੀ ਠਾਠ-ਬਾਠ,ਵੀਆਈਪੀ ਗੱਡੀਆਂ ਦੇ ਕਾਫਲੇ ਅਤੇ ਸਮਾਗਮਾਂ ਤੇ ਹੋ ਰਿਹਾ ਅੰਨੇਵਾਹ ਖ਼ਰਚ ਕਿਸੇ ਦੇ ਵੀ ਮਨ ਵਿੱਚ ਆਉਣਾ ਸੁਭਾਵਿਕ ਹੀ ਹੈ। ਪਰ ਮੁੱਖ ਮੰਤਰੀ ਨੇ ਇਹਨਾਂ ਸਭ ਚੀਜਾਂ ਤੋਂ ਦੂਰੀ ਬਣਾ ਕੇ ਨਵਾਂ ਹੀ ਇਤਿਹਾਸ ਸਿਰਜ ਦਿੱਤਾ ਹੈ ਅਤੇ ਉਹਨਾਂ ਲੋਕਾਂ ਲਈ ਉਦਾਹਰਣ ਪੇਸ਼ ਕੀਤੀ ਹੈ ਜੋ ਵਿਆਹ-ਸ਼ਾਦੀਆਂ ਨੇ ਅੰਨ੍ਹੇਵਾਹ ਖ਼ਰਚ ਕਰਦੇ ਹਨ।

ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਹੀ ਆਨੰਦ ਕਾਰਜ ਮੌਕੇ ਅਰਦਾਸ ਕੀਤੀ। ਆਨੰਦ ਕਾਰਜਾਂ ਤੋਂ ਬਾਅਦ ਨਵੇਂ ਵਿਆਹੇ ਜੋੜੇ ਦੇ ਨਾਲ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਸਾਰੇ ਮਹਿਮਾਨਾਂ ਨੇ ਪੰਗਤ ਵਿਚ ਬਹਿ ਕੇ ਲੰਗਰ ਛਕਿਆ। ਉਹਨਾਂ ਨੇ ਚੰਨੀ ਵੱਲੋਂ ਕੀਤੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਕੱਲ੍ਹ ਇਹ ਰਿਵਾਜ ਹੀ ਬਣ ਗਿਆ ਹੈ ਕਿ ਲਾੜੇ ਦੇ ਪਰਿਵਾਰ ਦੇ ਕੁਝ ਵਿਅਕਤੀ ਗੁਰਦੁਆਰਾ ਸਾਹਿਬ ਆਉਂਦੇ ਹਨ ਤੇ ਬਾਕੀ ਸਾਰੇ ਮੈਰਿਜ ਪੈਲੇਸ ਵਿਚ ਬੈਠ ਕੇ ਖਾਣ ਪੀਣ ਵਿੱਚ ਰੁਝੇ ਹੁੰਦੇ ਹਨ। ਜਿਸ ਤਰੀਕੇ ਨਾਲ ਚੰਨੀ ਨੇ ਆਪਣੇ ਬੇਟੇ ਦਾ ਵਿਆਹ ਗੁਰਦੁਆਰਾ ਸਾਹਿਬ ਵਿਚ ਕਰਨ ਮੌਕੇ ਸਾਰੇ ਮਹਿਮਾਨ ਹੀ ਇਥੇ ਸੱਦੇ ਹਨ ਅਤੇ ਪੰਗਤ ਵਿਚ ਬੈਠ ਕੇ ਲੰਗਰ ਛਕਾਇਆ ਹੈ। ਇਹੀ ਅਸਲ ਗੁਰਸਿੱਖ ਰਿਵਾਇਤ ਮੁਤਾਬਕ ਵਿਆਹ ਦਾ ਤਰੀਕਾ ਹੈ ।
ਇਸ ਸਾਦੇ ਢੰਗ ਨਾਲ ਹੋਏ ਵਿਆਹ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਹਰੀਸ਼ ਰਾਵਤ, ਹਰੀਸ਼ ਚੌਧਰੀ, ਕੁਮਾਰੀ ਸ਼ੈਲਜਾ, ਬ੍ਰਹਮ ਮਹਿੰਦਰਾ, ਪਰਗਟ ਸਿੰਘ, ਮਨਪ੍ਰੀਤ ਸਿੰਘ ਬਾਦਲ, ਭਾਰਤ ਭੂਸ਼ਣ ਆਸ਼ੂ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਮਨੀਸ਼ ਤਿਵਾੜੀ, ਜਸਬੀਰ ਸਿੰਘ ਡਿੰਗਾ, ਅਮਰ ਸਿੰਘ ਐਮ ਪੀ, ਸੁਖਜਿੰਦਰ ਸਿੰਘ ਰੰਧਾਵਾ, ਓਪੀ ਸੋਨੀ, ਰਾਣਾ ਗੁਰਜੀਤ ਸਿੰਘ, ਕਾਕਾ ਰਣਦੀਪ ਸਿੰਘ ਨਾਭਾ, ਬਲਬੀਰ ਸਿੰਘ ਸਿੱਧੂ, ਕੁਲਜੀਤ ਨਾਗਰਾ, ਨਵਤੇਜ ਸਿੰਘ ਚੀਮਾ, ਦਰਸ਼ਨ ਬਰਾੜ, ਮਦਨ ਲਾਲ ਜਲਾਲਪੁਰ, ਅੰਗਦ ਸਿੰਘ, ਸੁਖਪਾਲ ਖਹਿਰਾ, ਕੰਵਰ ਸੰਧੂ, ਗੁਰਪ੍ਰੀਤ ਸਿੰਘ ਘੁੱਗੀ, ਬੀਰਦਵਿੰਦਰ ਸਿੰਘ, ਮੁਹਾਲੀ ਦੇ ਡੀ ਸੀ ਈਸ਼ਾ ਕਾਲੀਆ ਤੇ ਕੇਕੇ ਯਾਦਵ ਆਦਿ ਸ਼ਾਮਲ ਹੋਏ।

ਇੰਨੇ ਵੱਡੇ ਵਿਆਹ ਸਮਾਰੋਹ ਵਿੱਚ, ਕੋਈ ਵੀ ਵੱਡਾ ਕਾਰੋਬਾਰੀ ਆਦਮੀ, ਸਿਆਸਤਦਾਨ ਜਾਂ ਕੋਈ ਵੀ ਨੌਕਰੀ ਵਾਲਾ ਹਰ ਕੋਈ ਇੰਨਾ ਵਿਅਸਤ ਰਹਿੰਦਾ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਕੱਲ੍ਹ ਪੰਜਾਬ ਕੈਬਨਿਟ ਨੂੰ ਵੀ ਅਜਿਹੇ ਮੌਕੇ ਤੇ ਬੁਲਾਇਆ ਹੈ। ਇਹ ਸੁਣ ਕੇ ਹਰ ਕੋਈ ਹੈਰਾਨ ਹੈ। ਚੰਨੀ ਕੈਬਨਿਟ ਮੀਟਿੰਗ ਵਿੱਚ ਰਾਜ ਲਈ ਕੋਈ ਵੱਡਾ ਐਲਾਨ ਕਰ ਸਕਦੇ ਹਨ।






















