ਸਿੱਖਿਆ ਵਿਭਾਗ ਪੰਜਾਬ ਵੱਲੋਂ ਦਿੱਤੀ ਜਾ ਰਹੀ ਕਿੱਤਾ ਮੁਖੀ ਸਿਖਲਾਈ ਬਣ ਰਹੀ ਹੈ ਦਿਵਿਆਂਗ ਬੱਚਿਆਂ ਲਈ ਵਰਦਾਨ

ਮਾਨਸਾ,27 ਅਗਸਤ (ਵਿਸ਼ਵ ਵਾਰਤਾ ) ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲ੍ਹੋਂ ਦਿਵਿਆਂਗ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਦੇ ਸੁਨਹਿਰੀ ਭਵਿੱਖ ਨੂੰ ਪੱਕੇ ਪੈਰੀਂ ਕਰਨ ਲਈ ਦਿੱਤੀ ਜਾ ਰਹੀ ਕਿੱਤਾ ਸਿਖਲਾਈ ਵਰਦਾਨ ਸਾਬਤ ਹੋਵੇਗੀ। ਇਸ ਗੱਲ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸ੍ਰੀ ਸੰਜੀਵ ਕੁਮਾਰ ਗੋਇਲ ਨੇ ਮਾਨਸਾ ਵਿਖੇ ਸਮੱਗਰਾ ਸਿੱਖਿਆ ਅਭਿਆਨ ਅਥਾਰਟੀ ਤਹਿਤ ਚਲ ਰਹੇ ਆਈ.ਈ.ਡੀ./ਆਈ.ਈ.ਡੀ.ਐੱਸ ਕੰਪੋਨੈਟ ਦੇ ਵੋਕੇਸ਼ਨਲ ਸੈਂਟਰ ਦਾ ਨਿਰੀਖਣ ਕਰਦਿਆਂ ਕੀਤਾ।
ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਗੋਇਲ ਨੇ ਕੰਪੋਨੈਂਟ ਦੌਰਾਨ ਦਿੱਤੀ ਜਾ ਰਹੀ ਸਿਖਲਾਈ ‘ਤੇ ਤਸੱਲੀ ਪ੍ਰਗਟ ਕਰਦਿਆਂ ਸਬੰਧਤ ਕਰਮਚਾਰੀਆਂ, ਅਧਿਆਪਕਾਂ ਦੀ ਪ੍ਰਸ਼ੰਸਾਂ ਕੀਤੀ ਜੋ ਲੋੜਵੰਦ ਬੱਚਿਆਂ ਦੇ ਚੰਗੇ ਭਵਿੱਖ ਦੀ ਸਿਰਜਣਾ ਕਰ ਰਹੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਦਫਤਰ ਵੱਲ੍ਹੋਂ ਇਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਕੀਤੇ ਜਾ ਰਹੇ ਹਰ ਉਪਰਾਲੇ ਲਈ ਕੋਈ ਤੋਟ ਨਹੀ ਆਉਣ ਦਿੱਤੀ ਜਾਵੇਗੀ ਅਤੇ ਸਮੇਂ ਸਮੇਂ ਇਸ ਕੰਪੋਨੈਂਟ ਦੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਲੋੜੀਂਦੇ ਯਤਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਚ ਚਲ ਰਹੇ ਵਿਸ਼ੇਸ਼ ਲੋੜਾਂ ਵਾਲੇ ਕੰਪੋਨੈਂਟ ਨਾਲ ਸਬੰਧਿਤ ਪੜ੍ਹਾਈ ਕਾਰਜਾਂ ਅਤੇ ਹੋਰ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਲਈ ਹਰ ਤਰ੍ਹਾਂ ਦੇ ਉਦਮ ਕੀਤੇ ਜਾਣਗੇ।
ਇਥੇ ਜ਼ਿਕਰਯੋਗ ਹੈ ਕਿ ਮਾਨਸਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਾਨਸਾ ਵਿਖੇ ਚਲ ਰਹੇ ਕੰਪੋਨੈਂਟ ਦੌਰਾਨ ਦਿਵਿਆਂਗ ਬੱਚਿਆਂ ਨੂੰ ਕੱਚੇ ਮੈਟੀਰੀਅਲ ਤੋਂ ਡੋਨਾ (ਕਟੋਰੀ) ਅਤੇ ਪੈੱਨ ਬਣਾਉਣ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ,ਸਿਖਲਾਈ ਦੇਣ ਵਾਲੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬੱਚੇ ਜਲਦੀ ਹੀ ਇਹ ਸਮਾਨ ਬਣਾਉਣ ਦੀ ਮੁਹਾਰਤ ਹਾਸਲ ਕਰ ਲੈਣਗੇ।
ਇਸ ਮੋਕੇ ਡੀ ਐੱਸ ਈ ਰਾਕੇਸ਼ ਕੁਮਾਰ ਅਤੇ ਡੀ ਐੱਸ ਈ ਟੀ ਤਰਸੇਮ ਕੁਮਾਰ ਨੇ ਦੱਸਿਆ ਕਿ ਦਿਵਿਆਂਗ ਬੱਚਿਆਂ ਨੂੰ ਰੋਜ਼ਗਾਰ ਦੇ ਪੱਖ ਤੋਂ ਇਹ ਪ੍ਰੋਜੈਕਟ ਚਲਾਏ ਜਾ ਰਹੇ ਹਨ ਤਾਂ ਕਿ ਉਨ੍ਹਾਂ ਵਿੱਚ ਸਵੈ ਵਿਸ਼ਵਾਸ ਪੈਦਾ ਹੋਵੇ ਅਤੇ ਉਹ ਕਿੱਤਾ ਮੁੱਖੀ ਸਿੱਖਿਆ ਨਾਲ ਜੁੜ ਕੇ ਆਪਣਾ ਭਵਿੱਖ ਸੰਵਾਰ ਸਕਣ। ਇਸ ਮੌਕੇ ਆਈ ਈ ਵਲੰਟੀਅਰ ਸ਼ਮਾ ਦੇਵੀ ਅਤੇ ਮਹਿਲਾ ਸਿੰਘ ਨੇ ਵੀ ਬੱਚਿਆਂ ਦੇ ਇਸ ਪ੍ਰੋਜੈਕਟ ਲਈ ਹਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਡਿਪਟੀ ਡੀਈਓ ਗੁਰਲਾਭ ਸਿੰਘ ਅਤੇ ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਦਿਵਿਆਂਗ ਬੱਚਿਆਂ ਦੇ ਇਸ ਪ੍ਰੋਜੈਕਟ ‘ਤੇ ਤਸੱਲੀ ਪ੍ਰਗਟ ਕਰਦਿਆਂ ਇਸ ਕੰਪੋਨੈਂਟ ਨਾਲ ਸੰਬੰਧਿਤ ਕਰਮਚਾਰੀਆਂ, ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ ਜੋ ਪੂਰੀ ਤਨਦੇਹੀ ਨਾਲ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਚੰਗੇ ਭਵਿੱਖ ਲਈ ਸਾਰਥਿਕ ਯਤਨ ਕਰ ਰਹੇ ਨੇ।






















