ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ
ਮਾਝੇ ਦੀ ਧਰਤੀ ਵਿੱਚ ‘ਆਪ’ ਨੂੰ ਮਿਲਿਆ ਵੱਡਾ ਪੰਥਕ ਚਹਿਰਾ
ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਾਬਕਾ ਅਕਾਲੀ ਆਗੂ ਸੇਵਾ ਸਿੰਘ ਸੇਖਵਾਂ
ਅਰਵਿੰਦ ਕੇਜਰੀਵਾਲ ਨੇ ਖੁਦ ਘਰ ਜਾ ਕੇ ਕੀਤਾ ਪਾਰਟੀ ਵਿੱਚ ਸਵਾਗਤ

ਅੰਮ੍ਰਿਤਸਰ,26ਅਗਸਤ(ਵਿਸ਼ਵ ਵਾਰਤਾ) ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੇ ਦੌਰੇ ਤੇ ਹਨ। ਉਹਨਾਂ ਨੇ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਚਿਹਰਾ ਰਹੇ ਅਤੇ ਅਕਾਲੀ ਦਲ ਸਰਕਾਰ ਵੇਲੇ ਮੰਤਰੀ ਰਹੇ ਸੇਵਾ ਸਿੰਘ ਸੇਖਵਾਂ ਨਾਲ ਉਹਨਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਕੀਤੀ ਪ੍ਰੈਸ ਕਾਨਫਰੰਸ ਵਿੱਚ ਸੇਵਾ ਸਿੰਘ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ। ਕੇਜਰੀਵਾਲ ਦੇ ਨਾਲ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਅਤੇ ਸੀਨੀਅਰ ਆਪ ਨੇਤਾ ਰਾਘਵ ਚੱਢਾ ਵੀ ਸ਼ਾਮਿਲ ਸਨ।
ਦੱਸ ਦਈਏ ਕਿ ਸੇਵਾ ਸਿੰਘ ਸੇਖਵਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਦੋ ਦਫਾ ਮੰਤਰੀ ਪਦ ਤੇ ਰਹਿ ਚੁੱਕੇ ਹਨ ਅਤੇ ਮਾਝੇ ਦੀ ਸਿਆਸਤ ਵਿੱਚ ਇੱਕ ਵੱਡੇ ਚਿਹਰੇ ਵਜੋਂ ਜਾਣੇ ਜਾਂਦੇ ਹਨ। ਉਹਨਾਂ ਦੇ ਪਿਤਾ ਜੱਥੇਦਾਰ ਉਜਾਗਰ ਸਿੰਘ ਸੇਖਵਾਂ ਸ਼੍ਰੋਮਣੀ ਅਕਾਲੀ ਦਲ ਦੇ ਫਾਉਂਡਰ ਮੈਂਬਰਾਂ ਵਿੱਚ ਸ਼ਾਮਿਲ ਸਨ ਅਤੇ ਦੋ ਵਾਰ ਵਿਧਾਇਕ ਵੀ ਰਹਿ ਚੁੱਕੇ ਸਨ। ਸੇਵਾ ਸਿੰਘ ਸੇਖਵਾਂ ਦਾ ਸਿਆਸੀ ਸਫਰ ਵੀ ਬਹੁਤ ਲੰਮਾ ਰਿਹਾ ਹੈ,ਜਿਸ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਹੋ ਸਕਦਾ ਹੈ।
ਇਸ ਤੋਂ ਪਹਿਲਾਂ ਅੰਮ੍ਰਿਤਸਰ ਹਵਾਈ ਅੱਡੇ ਪਹੁੰਚਣ ਤੇ ਪੰਜਾਬ ਦੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਮੀਤ ਹੇਅਰ ਤੇ ਬਲਜਿੰਦਰ ਕੌਰ ਨੇ ਉਹਨਾਂ ਦਾ ਸਵਾਗਤ ਕੀਤਾ । ਇਸ ਤੋਂ ਇਲਾਵਾ ਪੰਜਾਬ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਕੁਲਤਾਰ ਸੰਧਵਾਂ ਵੀ ਉਹਨਾਂ ਨਾਲ ਮੌਜੂਦ ਸਨ।






















