ਕਾਂਗਰਸੀ ਵਿਧਾਇਕਾਂ ਦੀ ਹਰੀਸ਼ ਰਾਵਤ ਨਾਲ ਮੀਟਿੰਗ ਹੋਈ ਖਤਮ
ਮੁੱਖ ਮੰਤਰੀ ਦੀ ਕਾਰਗੁਜ਼ਾਰੀ ਤੇ ਸਵਾਲ ਉਠਾ ਰਹੇ ਹਨ ਕੁੱਝ ਵਿਧਾਇਕ
ਹਰੀਸ਼ ਰਾਵਤ ਨੇ ਕੈਪਟਨ ਦੇ ਹੱਕ ਵਿੱਚ ਦਿੱਤਾ ਵੱਡਾ ਬਿਆਨ
ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਦੇ ਬਿਆਨਾਂ ਨੂੰ ਲੈ ਕੇ ਵੀ ਕਹੀ ਵੱਡੀ ਗੱਲ

ਚੰਡੀਗੜ੍ਹ,25 ਅਗਸਤ(ਵਿਸ਼ਵ ਵਾਰਤਾ) ਪੰਜਾਬ ਦੇ ਕਾਂਗਰਸੀ ਵਿਧਾਇਕਾਂ ਦੇ ਇੱਕ 7 ਮੈਂਬਰੀ ਵਫਦ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨਾਲ ਅੱਜ ਦੇਹਰਾਦੂਨ ਦੇ ਹੋਟਲ ਸਰੋਵਰ ਵਿੱਚ ਮੁਲਾਕਾਤ ਕੀਤੀ ਹੈ। ਹੁਣ ਮੀਟਿੰਗ ਲਗਭਗ 2 ਘੰਟਿਆਂ ਬਾਅਦ ਖਤਮ ਹੋ ਗਈ ਹੈ।
ਦੱਸ ਦਈਏ ਕਿ ਕੱਲ੍ਹ ਕਾਂਗਰਸ ਦੇ ਕੁੱਝ ਵਿਧਾਇਕਾਂ ਨੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਘਰ ਮੀਟਿੰਗ ਤੋਂ ਬਾਅਦ ਕੈਪਟਨ ਦੀ ਕਾਰਗੁਜਾਰੀ ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਮੁੱਖ ਮੰਤਰੀ ਦੀ ਅਗਵਾਈ ਵਿੱਚ ਪੰਜਾਬ ਦੇ ਮਸਲੇ ਹੱਲ ਨਹੀਂ ਹੋ ਰਹੇ ਹਨ।
ਅੱਜ ਇਹਨਾਂ ਵਿਧਾਇਕਾਂ ਨੇ ਹਰੀਸ਼ ਰਾਵਤ ਨੂੰ ਮਿਲ ਕੇ ਇਸ ਬਾਰੇ ਵਿੱਚ ਗੱਲ ਕੀਤੀ। ਹਰੀਸ਼ ਰਾਵਤ ਨੇ ਮੀਟਿੰਗ ਤੋਂ ਪਹਿਲਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੂਝਵਾਨ ਲੀਡਰ ਹਨ ਅਤੇ 2022 ਦੀਆਂ ਚੋਣਾਂ ਕਾਂਗਰਸ ਪਾਰਟੀ ਉਹਨਾਂ ਦੀ ਅਗਵਾਈ ਵਿੱਚ ਹੀ ਲੜੇਗੀ। ਹਰੀਸ਼ ਰਾਵਤ ਨੇ ਕਿਹਾ ਕਿ ਮੈਨੂੰ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਰੁੱਧ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਮਿਲੀ ਹੈ। ਵਿਧਾਇਕਾਂ ਨੇ ਸਿਰਫ ਕੰਮਕਾਜ ਨੂੰ ਲੈ ਕੇ ਹੀ ਸ਼ਿਕਾਇਤ ਕੀਤੀ ਹੈ।
ਇਸ ਤੋਂ ਇਲਾਵਾ ਹਰੀਸ਼ ਰਾਵਤ ਨੇ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਸਲਾਹਕਾਰਾਂ ਨੂੰ ਨਿਯੰਤਰਣ ਵਿੱਚ ਰੱਖਣ ਦੀ ਗੱਲ ਵੀ ਕਹੀ ਹੈ।






















