ਮਾਮਲਾ ਨੌਜਵਾਨ ਦੇ ਕਤਲ ਦਾ:
ਐਸ ਸੀ ਕਮਿਸ਼ਨ ਦੇ ਮੈਂਬਰ ਸਿਆਲਕਾ ਪਹੁੰਚੇ ਜਾਤੀਕੇ
ਪੁਲੀਸ ਨੂੰ ਮੁਕੱਦਮਾ ਦਰਜ ਕਰਨ ਦੀ ਹਦਾਇਤ

ਕਪੂਰਥਲਾ, 9 ਅਗਸਤ : ਪਿੰਡ ਜਾਤੀਕੇ ਵਿਖੇ ਨੌਜਵਾਨ ਲੜਕੇ ਦੇ ਕਤਲ ਮਾਮਲੇ ‘ਚ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਡਾ ਟੀਐਸ ਸਿਆਲਕਾ ਨੇ ਸੂ ਮੋਟੋ ਲੈਂਦਿਆਂ ਐਸਐਸਪੀ ਕਪੂਰਥਲਾ ਤੋਂ ਸਟੇਟਸ ਰਿਪੋਰਟ ਤਲਬ ਕੀਤੀ ਹੈ।
ਦੱਸਣਾ ਬਣਦਾ ਹੈ ਕਿ ਜਿਉਂ ਹੀ ਡਾ ਸਿਆਲਕਾ ਨੂੰ ਮ੍ਰਿਤਕ ਨੌਜਵਾਨ ਦੀ ਭੈਣ ਦਾ ਫੋਨ ਆਇਆ ਤਾਂ ਉਨਾ ਚੰਡੀਗੜੋਂ ਸਿੱਧੇ ਪਿੰਡ ਜਾਤੀਕੇ ਵਿਖੇ ਪਹੁੰਚੇ ਜਿਥੇ ਮ੍ਰਿਤਕ ਨੌਜਵਾਨ ਦੀਆ 6 ਭੈਣਾਂ ਨੇ ਡੀਐਸਪੀ ਭੁਲੱਥ ਸ੍ਰੀ ਅਜੇ ਗਾਂਧੀ ਅਤੇ ਐਸਐਚਓ ਪੁਲੀਸ ਸਟੇਸ਼ਨ ਢਿਲਵਾਂ ਦੀ ਮੌਜੂਦਗੀ ‘ਚ ਕਮਿਸ਼ਨ ਨੂੰ ਦੱਸਿਆ ਕਿ ਕਤਲ ਕਰਨ ਵਾਲੀ ਧਿਰ ਦੇ ਨੌਜਵਾਨ ਨੇ ੳਨ੍ਹਾ ਦੀ ਮਾਰ ਕੁਟਾਈ ਇਸ ਕਰਕੇ ਕੀਤੀ ਕਿਉਂ ਕਿ ਉਹ ਪ੍ਰਸਾਸ਼ਨ ਤੋਂ ਇਨਸਾਫ ਮੰਗ ਰਹੀਆਂ ਹਨ।
ਸ਼ਿਕਾਇਤ ਕਰਤਾ ਅਮਨਦੀਪ ਕੌਰ ਨੇ ਦੱਸਿਆ ਕਿ ਮੇਰੇ ਵੀਰ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਲੋਕਾਂ ਨੂੰ ਪੁਲੀਸ ਗ੍ਰਿਫਤਾਰ ਨਹੀਂ ਕਰ ਰਹੀ ਹੈ।ਸਾਰੀ ਹੱਡਬੀਤੀ ਸੁਣਨ ਤੋਂ ਬਾਅਦ ਮੀਡੀਆ ਦੀ ਹਾਜਰੀ ‘ਚ ਡਾ ਸਿਆਲਕਾ ਨੇ ਐਸਐਸਪੀ ਕਪੂਰਥਲਾ ਨੂੰ ਕਿਹਾ ਕਿ ਫੌਰੀ ਤੌਰ ਤੇ ਪੀੜਤ ਸ਼ਿਕਾਇਤ ਕਰਤਾ ਦੇ ਬਿਆਨਾ ਤੇ ਦੋਸ਼ੀ ਧਿਰ ਖਿਲ਼ਾਫ ਮੁਕੱਦਮਾ ਦਰਜ ਕਰਕੇ ਉਸ ਦੀ ਸਟੇਟਸ ਰਿਪੋਰਟ ਕਮਿਸ਼ਨ ਨੂੰ ਪੁੱਜਦਾ ਕੀਤੀ ਜਾਵੇ।
ਵੱਖਰੇ ਤੌਰ ਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ ਸਿਆਲਕਾ ਨੇ ਦੱਸਿਆ ਕਿ ਕਮਿਸ਼ਨ ਦੇ ਧਿਆਨ ‘ਚ ਆਇਆ ਹੈ ਕਿ ਪੁਲੀਸ ਥਾਣਾ ਢਿਲਵਾਂ ਨੇ ਪੀੜਤ ਅਮਨਦੀਪ ਕੌਰ ਦੀ ਸੁਣਵਾਈ ਸਮੇਂ ਸਿਰ ਨਾ ਕਰਕੇ ਕੇਸ ਨੂੰ ਠੰਢ੍ਹੇ ਬਸਤੇ ‘ਚ ਪਾਉਂਣ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾ ਨੇ ਕਿਹਾ ਕਿ ਡੀ ਐਸ ਪੀ ਭੁਲੱਥ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਕਨੂੰਨੀ ਕਾਰਵਾਈ ਨੂੰ ਅਮਲ ‘ਚ ਲਿਆਉਂਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਸ ਮੌਕੇ ਡਾ ਸਿਆਲਕਾ ਨੇ ਨਿੱਜੀ ਸਹਾਇਕ ਅਤੇ ਪੀਆਰਓ ਸਤਨਾਮ ਸਿੰਘ ਗਿੱਲ,ਸ਼ਿਵਜੋਤ ਸਿਆਲਕਾ ਆਦਿ ਹਾਜਰ ਸਨ।






















