ਅੱਜ ਅੰਗ੍ਰੇਜਾਂ ਨਾਲ ਭਿੜੇਗੀ ਭਾਰਤੀ ਹਾਕੀ ਟੀਮ
ਪੜ੍ਹੋ ਉਲੰਪਿਕ ਤਮਗਾ ਜਿੱਤਣ ਤੋਂ ਕਿੰਨੀ ਦੂਰ ਭਾਰਤ

ਚੰਡੀਗੜ੍ਹ,1 ਅਗਸਤ(ਵਿਸ਼ਵ ਵਾਰਤਾ)ਉਲੰਪਿਕ ਵਿੱਚ ਅੱਜ ਭਾਰਤ ਦਾ ਮੁਕਾਬਲਾ ਆਪਣੇ ਪੁਰਾਣੇ ਵਿਰੋਧੀ ਬ੍ਰਿਟੇਨ ਨਾਲ ਹੋਵੇਗਾ। ਭਾਰਤ ਨੇ ਆਜਾਦੀ ਮਿਲਣ ਤੋਂ ਮਹਿਜ਼ ਇੱਕ ਸਾਲ ਬਾਅਦ ਹੀ 12 ਅਗਸਤ 1948 ਨੂੰ ਬਲਬੀਰ ਸਿੰਘ ਸੀਨੀਅਰ ਦੀ ਅਗਵਾਈ ਵਿੱਚ ਵੈਂਬਲੀ ਸਟੇਡਿਅਮ ਲੰਡਨ ਵਿੱਚ 4-0 ਨਾਲ ਹਰਾਇਆ ਸੀ ਅਤੇ ਸੋਨੇ ਦਾ ਤਮਗਾ ਜਿੱਤਿਆ ਸੀ । ਅੱਜ ਵੀ ਭਾਰਤੀ ਟੀਮ ਏਸੇ ਤਰ੍ਹਾਂ ਦੀ ਖੇਡ ਦਾ ਪ੍ਰਦਰਸ਼ਨ ਕਰਨ ਦੀਆਂ ਉਮੀਦਾਂ ਨਾਲ ਮੈਦਾਨ ਵਿੱਚ ਉਤਰੇਗੀ ਅਤੇ 1980 ਤੋਂ ਪਏ ਹੋਏ ਮੈਡਲ ਦੇ ਸੋਕੇ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇਗੀ।
ਆਸਟ੍ਰੇਲੀਆ ਕੋਲੋਂ 7-1 ਨਾਲ ਹਾਰਨ ਤੋਂ ਬਾਅਦ ਅਗਲੇ ਤਿੰਨ ਮੈਚ ਜਿੱਤ ਕੇ ਵਾਪਸੀ ਕਰਨ ਵਾਲੀ ਭਾਰਤੀ ਟੀਮ ਦੇ ਹੌਸਲੇ ਇਸ ਸਮੇਂ ਬੁਲੰਦ ਹਨ। 1980 ਮੋਸਕੋ ਦੀਆਂ ਉਲੰਪਿਕ ਖੇਡਾਂ ਤੋਂ ਬਾਅਦ ਪਹਿਲੀ ਵਾਰ ਭਾਰਤ ਨੇ 5 ਵਿੱਚੋਂ 4 ਮੈਚ ਜਿੱਤੇ ਹਨ ਅਤੇ ਕੁਆਰਟਰ ਫਾਇਨਲ ਵਿਚ ਜਗ੍ਹਾ ਬਣਾਈ ਹੈ।
8 ਵਾਰ ਦੀ ਉਲੰਪਿਕ ਟੀਮ ਦਾ ਪਿਛਲਾ ਲਗਭਗ 4 ਦਹਾਕਿਆਂ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ ਹੈ। ਪਰ,ਕੋਚ ਗ੍ਰਾਹਮ ਰੀਡ ਅਤੇ ਕਪਤਾਨ ਮਨਪ੍ਰੀਤ ਸਿੰਘ ਦੀ ਟੀਮ ਨੇ ਪਿਛਲੇ ਕੁਸ਼ ਸਮੇਂ ਤੋਂ ਚੰਗੀ ਖੇਡ ਨਾਲ ਇਕ ਵਾਰ ਫਿਰ ਤੋਂ ਭਾਰਤੀ ਹਾਕੀ ਪ੍ਰੇਮੀਆਂ ਦੇ ਦਿਲਾਂ ਵਿੱਚ ਉਮੀਦ ਜਗਾਈ ਹੈ।






















