• ਖੇਤੀ ਬਿਜਲੀ ਲਈ ਨਗਦ ਸਬਸਿਡੀ ਬਾਰੇ ਪਾਇਲਟ ਪ੍ਰਾਜੈਕਟ ਵਿੱਚ ਕਿਸੇ ਕਿਸਮ ਦੇ ਦਬਾਅ ਨੂੰ ਰੱਦ ਕੀਤਾ
• ਅਗਾਮੀ ਬਜਟ ਸੈਸ਼ਨ ਤੋਂ ਪਹਿਲਾਂ ਤਿੰਨ ਲੱਖ ਹੋਰ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ
ਚੰਡੀਗੜ, 3 ਫਰਵਰੀ (ਵਿਸ਼ਵ ਵਾਰਤਾ) : ਖੇਤੀਬਾੜੀ ਖਪਤਕਾਰਾਂ ਨੂੰ ਬਿਜਲੀ ਲਈ ਸਿੱਧਾ ਲਾਭ ਅਦਾ ਕਰਨ (ਡੀ.ਬੀ.ਟੀ.ਈ.) ਬਾਰੇ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਦੇ ਫੈਸਲੇ ‘ਤੇ ਵਿਰੋਧੀਆਂ ਵੱਲੋਂ ਲਾਏ ਜਾ ਰਹੇ ਦੋਸ਼ਾਂ ਅਤੇ ਕੂੜ ਪ੍ਰਚਾਰ ਨੂੰ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਪੱਸ਼ਟ ਕੀਤਾ ਕਿ ਇਸ ਪ੍ਰਾਜੈਕਟ ਅਧੀਨ ਨਾ ਤਾਂ ਕਿਸਾਨਾਂ ‘ਤੇ ਕਿਸੇ ਕਿਸਮ ਦਾ ਦਬਾਅ ਪਾਇਆ ਜਾਵੇਗਾ ਅਤੇ ਨਾ ਹੀ ਉਨਾਂ ਨੂੰਂ ਇਸ ਲਈ ਕਿਸੇ ਤਰਾਂ ਦੀ ਅਦਾਇਗੀ ਕਰਨੀ ਪਵੇਗੀ।
ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਦੀ ਗੰਭੀਰ ਸਮੱਸਿਆ ਦੇ ਮੱਦੇਨਜ਼ਰ ਇਸ ਪ੍ਰਾਜੈਕਟ ਦੀ ਮਹੱਤਤਾ ਨੂੰ ਦਰਸਾਉਂਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਵਿਰੋਧੀ ਪਾਰਟੀਆਂ ਵੱਲੋਂ ਕਿਸਾਨਾਂ ਦਰਮਿਆਨ ਕੋਰਾ ਝੂਠ ਫੈਲਾਇਆ ਜਾ ਰਿਹਾ ਹੈ ਜਦਕਿ ਕਿਸੇ ਵੀ ਕਿਸਾਨ ਪਾਸੋਂ ਖੇਤੀ ਲਈ ਬਿਜਲੀ ਖਪਤ ਦੀ ਵਸੂਲੀ ਨਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਆਖਿਆ ਕਿ ਕਿਸਾਨਾਂ ਨੂੰ ਸਿੱਧਾ ਲਾਭ ਦੇਣ ਦਾ ਫੈਸਲਾ ਪਾਣੀ ਦੇ ਡਿੱਗ ਰਹੇ ਪੱਧਰ ਦੀ ਸਮੱਸਿਆ ਦਾ ਹੱਲ ਕੱਢਣ ਦੇ ਸੰਦਰਭ ‘ਚ ਲਿਆ ਗਿਆ ਹੈ। ਮੁੱਖ ਮੰਤਰੀ ਨੇ ਆਉਂਦੇ ਬਜਟ ਸੈਸ਼ਨ ਤੋਂ ਪਹਿਲਾਂ ਹੋਰ ਤਿੰਨ ਲੱਖ ਕਿਸਾਨਾਂ ਦਾ ਖੇਤੀ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ। ਇਹ ਬਜਟ ਸੈਸ਼ਨ ਮਾਰਚ ਦੇ ਦੂਜੇ ਹਫਤੇ ਹੋਣ ਦੀ ਆਸ ਹੈ।
ਖੇਤੀ ਟਿਊਬਵੈਲਾਂ ਬਾਰੇ ਪਾਇਲਟ ਪ੍ਰਾਜੈਕਟ ਸਬੰਧੀ ਵਿਸਥਾਰ ਵਿੱਚ ਦੱਸਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਅਗਾਊਂ ਹੀ ਪੈਸਾ ਸਿੱਧਾ ਕਿਸਾਨਾਂ ਦੀ ਖਾਤਿਆਂ ਵਿੱਚ ਪਾ ਦਿੱਤਾ ਜਾਵੇਗਾ ਜੋ ਇਸ ਪੈਸੇ ਨਾਲ ਆਪਣੇ ਬਿਜਲੀ ਬਿੱਲ ਅਦਾ ਕਰ ਸਕਦੇ ਹਨ। ਉਨਾਂ ਕਿਹਾ ਕਿ ਇਸ ਵਿੱਚੋਂ ਜੋ ਵੀ ਪੈਸਾ ਕਿਸਾਨ ਬਚਾ ਲੈਣਗੇ, ਉਹ ਪੈਸਾ ਉਨ•ਾਂ ਕਿਸਾਨਾਂ ਦੀਆਂ ਜੇਬਾਂ ਵਿੱਚ ਚਲਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੀਮ ਦਾ ਮੰਤਵ ਕਿਸਾਨਾਂ ਨੂੰ ਪਾਣੀ ਦੀ ਘੱਟ ਤੋਂ ਘੱਟ ਵਰਤੋਂ ਕਰਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਬਾਰੇ ਕਿਸਾਨਾਂ ਨੂੰ ਉਤਸ਼ਾਹਤ ਕਰਨਾ ਹੈ। ਮੁੱਖ ਮੰਤਰੀ ਨੇ ਸੁਚੇਤ ਕੀਤਾ ਕਿ ਜੇਕਰ ਪਾਣੀ ਦੇ ਸੰਕਟ ਨੂੰ ਪਹਿਲ ਦੇ ਅਧਾਰ ‘ਤੇ ਹੱਲ ਨਾ ਕੀਤਾ ਗਿਆ ਤਾਂ ਪੰਜਾਬ ਨੂੰ ਅੱਗੇ ਜਾ ਕੇ ਬਹੁਤ ਔਖੀ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ। ਉਨ•ਾਂ ਕਿਹਾ ਕਿ ਸਿੱਧਾ ਲਾਭ ਅਦਾ ਕਰਨ ਦੀ ਸਕੀਮ ਦੋਵਾਂ ਧਿਰਾਂ ਸਰਕਾਰ ਤੇ ਕਿਸਾਨਾਂ ਲਈ ਲਾਭਕਾਰੀ ਹੋਵੇਗੀ।
ਇਸ ਸਕੀਮ ਬਾਰੇ ਹੋਰ ਵਿਸਥਾਰ ਵਿੱਚ ਦੱਸਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਜੇਕਰ ਇਕ ਕਿਸਾਨ ਸਾਲਾਨਾ 50 ਹਜ਼ਾਰ ਰੁਪਏ ਦੀ ਖੇਤੀ ਬਿਜਲੀ ਖਪਤ ਕਰ ਲੈਂਦਾ ਹੈ ਤਾਂ ਉਸ ਨੂੰ ਇਸ ਦੀ ਸਿੱਧੀ ਅਦਾਇਗੀ ਕੀਤੀ ਜਾਵੇਗੀ। ਜੇਕਰ ਕਿਸਾਨ ਘੱਟ ਖਪਤ ਰਾਹੀਂ ਬਿਜਲੀ ਬਿੱਲ ਦੀ ਬੱਚਤ ਕਰ ਲੈਂਦਾ ਹੈ ਤਾਂ ਵੀ ਬਾਕੀ ਬਚਦਾ ਪੈਸਾ ਕਿਸਾਨ ਦੀ ਜੇਬ ਵਿੱਚ ਜਾਵੇਗਾ।
ਮੁੱਖ ਮੰਤਰੀ ਨੇ ਆਖਿਆ ਕਿ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਦਾ ਮੰਤਵ ਬਿਜਲੀ ਬਚਾਉਣਾ ਨਹੀਂ ਕਿਉਂਕਿ ਬਿਜਲੀ ਤਾਂ ਪਹਿਲਾਂ ਹੀ ਸਰਪਲਸ ਹੈ ਸਗੋਂ ਇਸ ਦਾ ਮੰਤਵ ਧਰਤੀ ਹੇਠਲੇ ਪਾਣੀ ਦੇ ਬਹੁਮੁੱਲੇ ਵਸੀਲੇ ਨੂੰ ਬਚਾਉਣਾ ਹੈ ਜੋ ਬਰਬਾਦੀ ਦੀ ਕਗਾਰ ‘ਤੇ ਹੈ। ਉਨਾਂ ਆਖਿਆ ਕਿ ਜਦੋਂ ਕਿਸਾਨਾਂ ਨੂੰ ਇਹ ਪਤਾ ਲੱਗ ਗਿਆ ਕਿ ਬਚਾਇਆ ਹੋਇਆ ਪੈਸਾ ਉਨਾਂ ਦਾ ਹੈ ਜਿਸ ਦੀ ਉਹ ਆਪਣੀ ਮਰਜ਼ੀ ਮੁਤਾਬਕ ਵਰਤੋਂ ਕਰ ਸਕਣਗੇ ਤਾਂ ਇਸ ਨਾਲ ਉਹ ਬਿਜਲੀ ਦੀ ਢੁਕਵੀਂ ਵਰਤੋਂ ਕਰਨ ਵੱਲ ਪ੍ਰੇਰਿਤ ਹੋਣਗੇ।
ਮੁੱਖ ਮੰਤਰੀ ਨੇ ਇਸ ਸਕੀਮ ਨੂੰ ਜਬਰੀ ਲਾਗੂ ਕਰਨ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਆਖਿਆ ਕਿ ਇਹ ਸਕੀਮ ਬਹੁਤ ਸੀਮਤ ਖੇਤਰ ਵਿੱਚ ਲਾਗੂ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਕਿਸਾਨ ਨੂੰ ਇਸ ਪ੍ਰਾਜੈਕਟ ਦਾ ਹਿੱਸਾ ਬਣਨ ਲਈ ਮਜਬੂਰ ਨਹੀਂ ਕੀਤਾ ਜਾ ਰਿਹਾ। ਉਨਾਂ ਕਿਹਾ ਕਿ ਇਸ ਸਕੀਮ ਦੇ ਲਾਭ ਬਾਰੇ ਕਿਸਾਨਾਂ ਨੂੰ ਵਿਸਥਾਰ ਵਿੱਚ ਜਾਣੂ ਕਰਵਾਇਆ ਜਾ ਰਿਹਾ ਹੈ ਜੋ ਆਪਣੇ ਹਿੱਤਾਂ ਲਈ ਇਸ ਪ੍ਰਾਜੈਕਟ ਦਾ ਹਿੱਸਾ ਬਣਨ ਵਾਸਤੇ ਸਵੈ-ਇੱਛਕ ਤੌਰ ‘ਤੇ ਅੱਗੇ ਆ ਰਹੇ ਹਨ।
ਇਸ ਪਾਇਲਟ ਪ੍ਰਾਜੈਕਟ ਨੂੰ ਪੰਜਾਬ ਮੰਤਰੀ ਮੰਡਲ ਦੀ ਅਖੀਰਲੀ ਮੀਟਿੰਗ ਵਿੱਚ ਪ੍ਰਵਾਨਗੀ ਦਿੱਤੀ ਗਈ ਸੀ। ਇਸ ਪ੍ਰਾਜੈਕਟ ਤਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖੇਤੀਬਾੜੀ ਅਤੇ ਜਲ ਵਸੀਲਿਆਂ ਬਾਰੇ ਵਿਭਾਗਾਂ ਨਾਲ ਮਿਲ ਕੇ ਫਸਲ ਦੀ ਸਿੰਚਾਈ ਲਈ ਵਰਤੀ ਜਾਂਦੀ ਬਿਜਲੀ ਦੀ ਕੀਮਤ ਦੇ ਅਧਾਰ ‘ਤੇ ਨਗਦ ਰਕਮ ਸਬਸਿਡੀ ਦੇ ਰੂਪ ਵਿੱਚ ਲਾਭਪਾਤਰੀ ਕਿਸਾਨਾਂ ਨੂੰ ਸਿੱਧੇ ਤੌਰ ‘ਤੇ ਅਦਾ ਕੀਤੀ ਜਾਵੇਗੀ। ਕਿਸਾਨਾਂ ਨੂੰ ਬਿਜਲੀ ਦੀ ਖਪਤ ਲਈ ਬਿੱਲ ਜਾਰੀ ਕੀਤੇ ਜਾਣਗੇ ਅਤੇ ਬੱਚਤ (ਸਬਸਿਡੀ ਵਿੱਚੋਂ ਬਿੱਲ ਦੀ ਰਕਮ ਮਨਫ਼ੀ ਕਰਕੇ) ਬਰਕਰਾਰ ਰੱਖਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਡੀ.ਬੀ.ਟੀ.ਈ. ਸਕੀਮ ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਵਿੱਚ ਮਦਦ ਦੇਵੇਗੀ। ਇਸ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ ਅਤੇ ਬਿਜਲੀ ਬਚਾਈ ਜਾ ਸਕੇਗੀ। ਇਸ ਦੇ ਨਾਲ ਸਬਸਿਡੀ ਨੂੰ ਤਰਕਸੰਗਤ ਬਣਾਇਆ ਜਾ ਸਕੇਗਾ ਅਤੇ ਟਰਾਂਸਮਿਸ਼ਨ ਅਤੇ ਬਿਜਲੀ ਦੀ ਵੰਡ ਦੇ ਨੁਕਸਾਨ ਨੂੰ ਵੀ ਰੋਕਿਆ ਜਾ ਸਕੇਗਾ। ਇਸ ਦੇ ਨਾਲ ਹੀ ਬਿਜਲੀ ਦੀ ਫਜ਼ੂਲ ਖਪਤ ਨੂੰ ਰੋਕਣ ਵਿੱਚ ਵੀ ਮਦਦ ਮਿਲੇਗੀ। ਕਿਸਾਨਾਂ ਨੂੰ ਬਿਜਲੀ ਬਚਾਉਣ ਦੇ ਨਾਲ ਨਿਯਮਤ ਤੌਰ ‘ਤੇ ਲਾਭ ਹੋਵੇਗਾ ਅਤੇ ਉਹ ਫਸਲੀ ਵਿਭਿੰਨਤਾ ਨੂੰ ਉਤਸ਼ਾਹਤ ਕਰਨਗੇ।
ਬੁਲਾਰੇ ਨੇ ਦੱਸਿਆ ਕਿ ਜੇਕਰ ਇਹ ਸਫਲ ਹੋਇਆ ਤਾਂ ਇਸ ਪ੍ਰਾਜੈਕਟ ਦਾ ਬਿਜਲੀ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਦੇ ਸਬੰਧ ਵਿੱਚ ਖੇਤੀਬਾੜੀ ਖਪਤਕਾਰਾਂ ਲਈ ਡੀ.ਬੀ.ਟੀ.ਈ ਦੇ ਲਾਭਾਂ ਦਾ ਬੇਤਰਤੀਬੇ ਢੰਗ ਨਾਲ ਮੁਲਾਂਕਣ ਕੀਤਾ ਜਾਵੇਗਾ।
ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ ਜੇ-ਪਾਲ ਸਾਊਥ ਏਸ਼ੀਆ ਅਤੇ ਵਿਸ਼ਵ ਬੈਂਕ ਦੇ ਨਾਲ ਛੇ ਫੀਡਰਾਂ ‘ਤੇ 990 ਖੇਤੀਬਾੜੀ ਟਿਊਬਵੈਲਾਂ ਦੇ ਕੁਨੈਕਸ਼ਨ ਲਈ ਡੀ.ਬੀ.ਟੀ.ਈ. ਦਾ ਮੁਲਾਂਕਣ ਕਰਨ ਵਾਸਤੇ ਸਮਝੌਤਾ ਕੀਤਾ ਹੈ।
ਮੈਰਾਥਨ ਦੌੜ ਦੀਆਂ ਜੇਤੂ ਮਹਿਲਾ ਵੋਟਰਾਂ ਅਤੇ ਦਿਵਿਆਂਗ ਜਨ ਵੋਟਰਾਂ ਨੇ ਮਾਣਿਆਂ ਸ਼ਾਇਰ ਫਿਲਮ ਦਾ ਆਨੰਦ
ਮੈਰਾਥਨ ਦੌੜ ਦੀਆਂ ਜੇਤੂ ਮਹਿਲਾ ਵੋਟਰਾਂ ਅਤੇ ਦਿਵਿਆਂਗ ਜਨ ਵੋਟਰਾਂ ਨੇ ਮਾਣਿਆਂ ਸ਼ਾਇਰ ਫਿਲਮ ਦਾ ਆਨੰਦ ਪੀ.ਵੀ.ਆਰ. ਵਿੱਚ ਮਹਿਲਾਵਾਂ ਨੇ...