ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੀਨੀਅਰ ਮੀਤ ਪ੍ਰਧਾਨ ਮੇਹਰ ਸਿੰਘ ਥੇੜੀ ਵੀ ਧਰਨੇ ਉੱਤੇ ਪਹੁੰਚੇ
ਪਿਛਲੇ ਛੇ ਦਿਨਾਂ ਤੋਂ ਜਾਰੀ ਹੈ ਲੜੀਵਾਰ ਭੁੱਖ ਹੜਤਾਲ
ਚੰਡੀਗੜ੍ਹ, 12ਜੂਨ(ਵਿਸ਼ਵ ਵਾਰਤਾ)- ਨਵੀਂ ਦਿੱਲੀ ਵਿਖੇ ਪਿਛਲੇ ਛੇ ਤੋਂ ਵੀ ਵੱਧ ਮਹੀਨਿਆਂ ਤੋਂ ਕੇਂਦਰ ਸਰਕਾਰ ਦੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਬੈਠੇ ਕਿਸਾਨਾਂ ਦੇ ਸਮਰਥਨ ਵਿੱਚ ਅੰਤਰਰਾਸ਼ਟਰੀ ਪੁਆਧੀ ਮੰਚ ਵੱਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਦਰਸ਼ਨੀ ਡਿਉਢੀ ਦੇ ਕੋਲ ਪਿਛਲੇ ਛੇ ਦਿਨਾਂ ਤੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈ।
ਅੱਜ ਅੰਤਰ ਰਾਸ਼ਟਰੀ ਪੁਆਧੀ ਮੰਚ ਦੇ ਆਗੂ ਸਹਿਬਾਨ ਬੀਬੀ ਪਰਮਜੀਤ ਕੋਰ ਲਾਂਡਰਾ, ਗੁਰਪ੍ਰੀਤ ਸਿੰਘ ਨਿਆਮੀਆਂ, ਡਾ. ਕਰਮਜੀਤ ਸਿੰਘ ਚਿੱਲਾ, ਮਨਜੀਤ ਸਿੰਘ ਕਜਹੇੜੀ, ਡਾ. ਗੁਰਮੀਤ ਸਿੰਘ ਬਾਸੀਆਂ ਬੈਦਵਾਣ, ਹਰਦੀਪ ਸਿੰਘ ਬਠਲਾਣਾ, ਪਰਮਦੀਪ ਸਿੰਘ ਬੈਦਵਾਣ ਅੱਜ ਛੇਵੇਂ ਦਿਨ ਭੁੱਖ ਹੜਤਾਲ ਤੇ ਬੈਠੇ।
ਇਸ ਮੌਕੇ ਹਡ਼ਤਾਲੀਆਂ ਦਾ ਹੌਸਲਾ ਵਧਾਉਣ ਲਈ ਉਚੇਚੇ ਤੌਰ ਤੇ ਮਾਸਟਰ ਹਰਪ੍ਰੀਤ ਸਿੰਘ ਧਰਮਗੜ੍, ਮਾਸਟਰ ਭਾਗ ਸਿੰਘ ਕੁਰੜੀ ਇਕਬਾਲ ਸਿੰਘ ਬੈਰੋਮਾਜਰਾ ਮਾਸਟਰ ਸੁਰਜੀਤ ਸਿੰਘ ਵੀ ਪਹੁੰਚੇ।
ਇਸ ਮੌਕੇ ਬੋਲਦਿਆਂ ਅੰਤਰਰਾਸ਼ਟਰੀ ਪੁਆਧੀ ਮੰਚ ਦੇ ਪ੍ਰਮੁੱਖ ਆਗੂ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਸੰਘਰਸ਼ ਤੋਂ ਅੰਦਰ ਤੋਂ ਹਿੱਲੀ ਹੋਈ ਹੈ। ਇਸ ਦਾ ਵੱਡਾ ਸਬੂਤ ਇਹ ਹੈ ਕਿ ਭਾਜਪਾ ਦੇ ਕਈ ਆਦਿ ਵੀ ਖੁੱਲ੍ਹ ਕੇ ਕਿਸਾਨਾਂ ਦੇ ਸਮਰਥਨ ਵਿੱਚ ਆਉਣਾ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਆਪ ਕਾਨੂੰਨਾਂ ਨੂੰ ਵਾਪਸ ਲੈਣ ਦੀ ਥਾਂ ਹੁਣ ਭਾਜਪਾ ਦੇ ਪੰਜਾਬ ਦੇ ਆਗੂਆਂ ਕੋਲੋਂ ਬਿਆਨ ਦਿਵਾ ਕੇ ਇਨ੍ਹਾਂ ਨੂੰ ਸਿਹਰਾ ਦਿਵਾਉਣਾ ਚਾਹੁੰਦੀ ਹੈ ਕਿ ਇਨ੍ਹਾਂ ਆਗੂਆਂ ਦੇ ਕਹਿਣ ਤੇ ਕਾਨੂੰਨ ਵਾਪਸ ਲਏ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕੁਝ ਵੀ ਹੋਵੇ ਕੇਂਦਰ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਉਨ੍ਹਾਂ ਕਿਹਾ ਕਿ ਇਲਾਕੇ ਦੇ ਵੱਖੋ ਵੱਖ ਪਿੰਡਾਂ ਤੋਂ ਲੋਕੀਂ ਰੋਜ਼ਾਨਾ ਇੱਥੇ ਆ ਕੇ ਲੜੀਵਾਰ ਭੁੱਖ ਹੜਤਾਲ ਤੇ ਬੈਠਣਗੇ।
ਇਸ ਮੌਕੇ ਬੋਲਦਿਆਂ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਕਿਸਾਨਾਂ ਦੇ ਹੱਕ ਵਿਚ ਉਨ੍ਹਾਂ ਦਾ ਇਹ ਭੁੱਖ ਹਡ਼ਤਾਲ ਦਾ ਪ੍ਰੋਗਰਾਮ ਲਗਾਤਾਰ ਜਾਰੀ ਰਹੇਗਾ, ਜਦੋਂ ਤੱਕ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ। ਡਾ ਗੁਰਮੀਤ ਸਿੰਘ ਬੈਦਵਾਣ ਨੇ ਕਿਹਾ ਕਿ ਦਿੱਲੀ ਦੀ ਕੇਂਦਰ ਸਰਕਾਰ ਮੋਦੀ ਦੀ ਅਗਵਾਈ ਵਿੱਚ ਕਿਸਾਨਾਂ ਦਾ ਸਬਰ ਪਰਖ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਕਿਸੇ ਵੀ ਹਾਲਤ ਵਿੱਚ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਜਾਨਾਂ ਕੁਰਬਾਨ ਕਰ ਦੇਣਗੇ ਪਰੰਤੂ ਆਪਣੇ ਹੱਕ ਲਏ ਬਿਨਾਂ ਵਾਪਸ ਨਹੀਂ ਪਰਤਣਗੇ।























