ਦਿੱਲੀ ਸਰਕਾਰ ਨੇ ਲਿਆ ਵੱਡਾ ਫੈਸਲਾ
ਤਾਲਾਬੰਦੀ ਤੋਂ ਦਿੱਲੀ ਵਾਸੀਆਂ ਨੂੰ ਦਿੱਤੀ ਰਾਹਤ
ਆਡ-ਈਵਨ ਫਾਰਮੂਲੇ ਨਾਲ ਬਜ਼ਾਰ ਖੋਲ੍ਹਣ ਦੀ ਦਿੱਤੀ ਇਜ਼ਾਜਤ

ਚੰਡੀਗੜ੍ਹ 5ਜੂਨ(ਵਿਸ਼ਵ ਵਾਰਤਾ) ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਚਲਦੇ ਦਿੱਲੀ ਵਿੱਚ 19 ਅਪ੍ਰੈਲ ਤੋਂ ਤਾਲਾਬੰਦੀ ਲਾਈ ਗਈ ਸੀ। ਹੁਣ ਦਿੱਲੀ ਸਰਕਾਰ ਹੌਲੀ-ਹੌਲੀ ਅਨਲਾਕ ਦੀ ਪ੍ਰਕਿਰਿਆ ਵੱਲ ਵਧ ਰਹੀ ਹੈ। ਤਾਲਾਬੰਦੀ ਕਾਰਨ ਦਿੱਲੀ ‘ਚ ਕੋਰੋਨਾ ਵਾਇਰਸ ਦੀ ਰਫ਼ਤਾਰ ਘਟਦੀ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਆਡ-ਈਵਨ ਫਾਰਮੂਲੇ ਨਾਲ ਬਜ਼ਾਰ ਅਤੇ ਮਾਲ ਖੁੱਲ੍ਹਣਗੇ।ਬਜ਼ਾਰ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਦਾ ਹੋਵੇਗਾ। ਜ਼ਰੂਰੀ ਸਮਾਨ ਦੀਆਂ ਦੁਕਾਨਾਂ ਰੋਜ਼ਾਨਾ ਖੁੱਲ੍ਹਣਗੀਆਂ। ਇਸ ਦੇ ਨਾਲ ਹੀ ਮੈਟਰੋ ਟਰੇਨ ਸੇਵਾ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਦਿੱਲੀ ਮੈਟਰੋ 50 ਫ਼ੀਸਦੀ ਸਮਰੱਥਾ ਨਾਲ ਸ਼ੁਰੂ ਕੀਤੀ ਜਾ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਸੋਮਵਾਰ ਸਵੇਰੇ 5 ਵਜੇ ਤੱਕ ਤਾਲਾਬੰਦੀ ਜਾਰੀ ਰਹੇਗੀ ਪਰ ਕਈ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ।
ਉਹਨਾਂ ਕਿਹਾ ਕਿ ਦਿੱਲੀ ਵਿਚ ਪਿਛਲੇ 24 ਘੰਟਿਆਂ ਵਿਚ 400 ਕੇਸ ਆਏ ਹਨ ਅਤੇ ਪਾਜ਼ੇਟਿਵਿਟੀ ਦਰ ਕਰੀਬ 0.5 ਫ਼ੀਸਦੀ ਰਹਿ ਗਈ ਹੈ। ਕੋਰੋਨਾ ਦੀ ਡਿੱਗਦੀ ਦਰ ਨੂੰ ਵੇਖਦੇ ਹੋਏ ਸਰਕਾਰੀ ਦਫ਼ਤਰ ‘ਚ ਗਰੁੱਪ ‘ਏ’ ਅਫ਼ਸਰ 100 ਫ਼ੀਸਦੀ ਅਤੇ ਬਾਕੀ ਇਸ ਦੇ ਹੇਠਾਂ ਵਾਲੇ 50 ਫ਼ੀਸਦੀ ਅਫ਼ਸਰ ਕੰਮ ਕਰਨਗੇ। ਜ਼ਰੂਰੀ ਸੇਵਾਵਾਂ ਵਿੱਚ 100 ਫ਼ੀਸਦੀ ਕਾਮੇ ਕੰਮ ਕਰਨਗੇ। ਪ੍ਰਾਈਵੇਟ ਦਫ਼ਤਰ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਕਦੋਂ ਆਵੇਗੀ, ਕਿੰਨੀ ਭਿਆਨਕ ਹੋਵੇਗੀ, ਇਸ ਬਾਰੇ ਅਜੇ ਕੁਝ ਪਤਾ ਨਹੀਂ ਹੈ ਪਰ ਅਸੀਂ ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ ਹਾਂ।






















