ਵਾਪਰਿਆ ਭਿਆਨਕ ਸੜਕ ਹਾਦਸਾ
ਕਾਰ ਅਤੇ ਭਾਰੀ ਵਾਹਨ ਵਿਚਾਲੇ ਭਾਰੀ ਟੱਕਰ, ਤਿੰਨ ਭਰਾਵਾਂ ਦੀ ਮੌਕੇ ‘ਤੇ ਹੀ ਮੌਤ

ਚੰਡੀਗੜ੍ਹ, 2ਜੂਨ(ਵਿਸ਼ਵ ਵਾਰਤਾ)-ਬਠਿੰਡਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਇੱਕ ਸੜਕ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਮੰਗਲਵਾਰ ਦੇਰ ਰਾਤ ਘਰ ਪਰਤ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਹਰਿਆਣਾ-ਪੰਜਾਬ ਸਰਹੱਦ ‘ਤੇ ਪੈਂਥਰਾ ਪਿੰਡ ਨੇੜੇ ਕਿਸੇ ਅਣਪਛਾਤੇ ਵਾਹਨ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਤਿੰਨੇ ਚਚੇਰੇ ਭਰਾਵਾਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਚੰਨਣ ਸਿੰਘ (24), ਜਗਜੀਤ ਸਿੰਘ (22) ਅਤੇ ਅਮਨਦੀਪ ਸਿੰਘ (28) ਵਜੋਂ ਹੋਈ ਹੈ, ਜੋ ਜ਼ਿਲ੍ਹਾ ਬਠਿੰਡਾ ਦੇ ਸੰਗਤ ਬਲਾਕ ਵਿੱਚ ਪੈਂਦੇ ਪਿੰਡ ਰੁਲਦੂ ਸਿੰਘ ਵਾਲਾ ਦੇ ਵਸਨੀਕ ਹਨ। ਤਿੰਨੋਂ ਚਚੇਰੇ ਭਰਾ ਉਸਾਰੀ ਦੇ ਕੰਮ ਵਿਚ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਦੇਰ ਰਾਤ ਜਦੋਂ ਤਿੰਨੋਂ ਇੱਕ ਮਾਰੂਤੀ ਕਾਰ ਵਿੱਚ ਡੱਬਵਾਲੀ ਤੋਂ ਘਰ ਪਰਤ ਰਹੇ ਸਨ ਤਾਂ ਪਥਰਾਲਾ ਨੇੜੇ ਇੱਕ ਅਣਪਛਾਤੇ ਭਾਰੀ ਵਾਹਨ ਦੇ ਚਾਲਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ।
ਪਤਾ ਲੱਗਣ ‘ਤੇ ਪਥਰਾਲਾ ਚੌਕੀ ਦੇ ਪੁਲਿਸ ਮੁਲਾਜ਼ਮ ਮੌਕੇ’ ਤੇ ਪਹੁੰਚੇ ਅਤੇ ਕਾਰ ਵਿਚੋਂ ਲਾਸ਼ਾਂ ਨੂੰ ਬਾਹਰ ਕੱਡਿਆ। ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਸਥਿਤ ਮੁਰਦਾ ਘਰ ਭੇਜ ਦਿੱਤਾ ਹੈ। ਇਸ ਦਰਦਨਾਕ ਹਾਦਸੇ ਵਿਚ ਤਿੰਨੋਂ ਭਰਾਵਾਂ ਦੀ ਮੌਤ ਹੋ ਜਾਣ ਤੋਂ ਬਾਅਦ ਪਿੰਡ ਵਿਚ ਸੋਗ ਦਾ ਮਾਹੌਲ ਹੈ, ਜਦੋਂ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।





















