ਕੋਵਿਡ ਸੰਕਟ ਦੇ ਚੱਲਦਿਆਂ ‘ਫਰਜ਼ ਮਨੁੱਖਤਾ ਲਈ’ ਵੱਲੋਂ
ਸਰਦੂਲਗੜ੍ਹ ‘ਚ ਪੰਜ ਆਕਸੀਜਨ ਕੰਸੇਨਟ੍ਰੇਟਰ ਪ੍ਰਦਾਨ

ਸਰਦੂਲਗੜ੍ਹ, 27 ਮਈ : ਕੋਰੋਨਾ ਮਹਾਂਮਾਰੀ ਦੇ ਔਖੇ ਸਮੇਂ ਵਿੱਚ ਲੋੜਵੰਦ ਲੋਕਾਂ ਨੂੰ ਤੁਰੰਤ ਸਿਹਤ ਸਹੂਲਤਾਂ ਪਹੁੰਚਾਉਣ ਦੇ ਮੰਤਵ ਲਈ ਗਠਿਤ ਕੀਤੇ ‘ਫਰਜ਼ ਮਨੁੱਖਤਾ ਲਈ’ ਹੈਲਪਲਾਈਨ ਕੇਂਦਰ ਵੱਲੋਂ ਹੁਣ ਜ਼ਿਲ੍ਹਿਆਂ ਵਿੱਚ ਵੀ ਪਹੁੰਚ ਕੀਤੀ ਜਾ ਰਹੀ ਹੈ। ਇਸ ਕੜੀ ਤਹਿਤ ਇਸ ਹੈਲਪਲਾਈਨ ਕੇਂਦਰ ਦੇ ਕੋਆਰਡੀਨੇਟਰ ਸ. ਕੰਵਰਬੀਰ ਸਿੰਘ ਰੂਬੀ ਸਿੱਧੂ ਨੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਰਦੂਲਗੜ੍ਹ ਵਿਖੇ ਕੋਵਿਡ ਪ੍ਰਭਾਵਿਤ ਮਰੀਜ਼ਾਂ ਲਈ ਪੰਜ ਆਕਸੀਜਨ ਕੰਸਟ੍ਰੇਟਰ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਸ਼੍ਰੀ ਬਿਕਰਮ ਸਿੰਘ ਮੋਫ਼ਰ ਨੂੰ ਸੌਂਪੇ।
ਇਸ ਮੌਕੇ ਸ੍ਰੀ ਸਿੱਧੂ ਦਾ ਧੰਨਵਾਦ ਕਰਦਿਆਂ ਚੇਅਰਮੈਨ ਸ਼੍ਰੀ ਮੋਫ਼ਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਥੇ ਨਾਗਰਿਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਬਾਰੇ ਸਿਹਤ ਸਲਾਹਾਂ ਦੀ ਪਾਲਣਾ ਕਰਨ ਲਈ ਜਾਗਰੂਕ ਕਰਨ ਹਿੱਤ ਲਗਾਤਾਰ ਮਹੱਤਵਪੂਰਨ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਹੀ ਸਮਾਜ ਸੇਵੀ ਸੰਗਠਨਾਂ ਨਾਲ ਰਾਬਤਾ ਕਰਕੇ ਵੀ ਮਦਦ ਹਾਸਲ ਕੀਤੀ ਜਾ ਰਹੀ ਹੈ ਤਾਂ ਜੋ ਸਰਦੂਲਗੜ੍ਹ ਅਤੇ ਝੁਨੀਰ ਵਿਖੇ ਕੋਵਿਡ ਪਾਜੀਟਿਵ ਪਾਏ ਜਾਣ ਵਾਲੇ ਨਾਗਰਿਕਾਂ ਨੂੰ ਮੁਢਲੇ ਪੜਾਅ ‘ਤੇ ਹੀ ਮਿਆਰੀ ਇਲਾਜ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਸ਼੍ਰੀ ਮੋਫ਼ਰ ਨੇ ਕਿਹਾ ਕਿ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿਖੇ ਕੋਵਿਡ ਪਾਜ਼ੀਟਿਵ ਮਰੀਜ਼ਾਂ ਲਈ ਵੱਡੀ ਗਿਣਤੀ ਵਿੱਚ ਬਿਸਤਰਿਆਂ ਤੇ ਆਕਸੀਜਨ ਦਾ ਪ੍ਰਬੰਧ ਕੀਤਾ ਗਿਆ ਹੈ ਉਥੇ ਸਰਦੂਲਗੜ੍ਹ ਤੇ ਝੁਨੀਰ ਵਿਖੇ ਲੈਵਲ -1 ਦੇ ਲੋੜਵੰਦਾਂ ਲਈ ਪ੍ਰਾਪਤ ਹੋਏ ਇਹ ਆਕਸੀਜਨ ਕੰਸਟ੍ਰੇਟਰ ਵਰਦਾਨ ਸਾਬਤ ਹੋਣਗੇ।
ਇਸ ਮੌਕੇ ਹੈਲਪਲਾਈਨ ਕੇਂਦਰ ਦੇ ਕੋਆਰਡੀਨੇਟਰ ਸ. ਕੰਵਰਬੀਰ ਸਿੰਘ ਰੂਬੀ ਸਿੱਧੂ ਨੇ ਦੱਸਿਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਇਹ ਵਿਸ਼ੇਸ਼ ਹਦਾਇਤ ਕੀਤੀ ਹੈ ਕਿ ਹਰ ਲੋੜਵੰਦ ਦੀ ਪੱਖਪਾਤ ਰਹਿਤ ਮਦਦ ਕੀਤੀ ਜਾਵੇ ਅਤੇ ਮਰੀਜ਼ਾਂ ਤੋਂ ਫੀਡਬੈਕ ਵੀ ਹਾਸਲ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਪਿਛਲੇ ਕਰੀਬ 2 ਹਫ਼ਤਿਆਂ ਤੋਂ ਇਹ ਸੇਵਾ ਸ਼ੁਰੂ ਕੀਤੀ ਗਈ ਹੈ ਅਤੇ ਹੈਲਪਲਾਈਨ ਕੇਂਦਰ ‘ਤੇ ਪ੍ਰਾਪਤ ਹੋਣ ਵਾਲੀਆਂ ਫੋਨ ਕਾਲਾਂ ਤਹਿਤ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਐਮਰਜੈਂਸੀ ਵਿੱਚ ਵਲੰਟੀਅਰਾਂ ਰਾਹੀਂ ਲੋਕਾਂ ਤੱਕ ਪਹੁੰਚ ਕੀਤੀ ਜਾਂਦੀ ਹੈ ਤਾਂ ਜੋ ਕੋਵਿਡ ਦੇ ਇਸ ਸੰਕਟਮਈ ਦੌਰ ਵਿੱਚ ਲੋਕਾਂ ਦੀਆਂ ਸਿਹਤ ਨਾਲ ਸਬੰਧਤ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਸਹਿਯੋਗ ਦਿੱਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਮਾਨਸਾ ਤੋਂ ਬਾਅਦ ਹੋਰ ਜ਼ਿਲ੍ਹਿਆਂ ਵਿਖੇ ਵੀ ਆਕਸੀਜਨ ਕੰਸਟ੍ਰੇਟਰ ਜਾਂ ਹੋਰ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।




















