ਡੀ.ਟੀ.ਐੱਫ. ਲੁਧਿਆਣਾ ਵੱਲੋਂ 25 ਮਈ ਨੂੰ ਸਿੱਖਿਆ ਮੰਤਰੀ ਦਾ ਪੁਤਲਾ ਫੂਕਣ ਦਾ ਐਲਾਨ
ਸਰਕਾਰਾਂ ਅਤੇ ਉਹਨਾਂ ਦੇ ਹੱਥ ਠੋਕੇ ਅਧਿਕਾਰੀਆਂ ਵਲੋਂ ਅਧਿਆਪਕ ਮੰਗਾਂ ਨੂੰ ਦਰਕਿਨਾਰ ਕਰਨਾ ਜਥੇਬੰਦੀ ਨੂੰ ਪ੍ਰਵਾਨ ਨਹੀਂ – ਹਰਦੇਵ ਸਿੰਘ ਮੁੱਲਾਂਪੁਰ

ਲੁਧਿਆਣਾ 22 ਮਈ 2021 : ਅਧਿਆਪਕ ਮੰਗਾਂ ਮਸਲਿਆਂ ਦੇ ਹੱਲ ਲਈ ਵਾਰ ਵਾਰ ਸਮਾਂ ਦੇ ਕੇ ਮੁਕਰ ਰਹੇ ਸਿੱਖਿਆ ਮੰਤਰੀ ਖਿਲਾਫ਼ ਪ੍ਰਤਿਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਨੇ ਰਾਜ ਭਰ ਵਿੱਚ ਜਿਲ੍ਹਾ ਸਦਰ ਮੁਕਾਮਾਂ ਤੇ ਅਰਥੀ ਫ਼ੂਕ ਮੁਜ਼ਾਹਰਿਆਂ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਹਰਦੇਵ ਸਿੰਘ ਮੁੱਲਾਂਪੁਰ ਅਤੇ ਜ਼ਿਲ੍ਹਾ ਵਿੱਤ ਸਕੱਤਰ ਮਨਜਿੰਦਰ ਸਿੰਘ ਚੀਮਾ ਨੇ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਸਿੱਖਿਆ ਮੰਤਰੀ ਵਲੋਂ ਕੋਰੋਨਾ ਸੰਕਟ ਵਿੱਚ ਅਧਿਆਪਕ ਮੰਗਾਂ ਮਸਲਿਆਂ ਨੂੰ ਹੱਲ ਕਰਨ ਦੀ ਥਾਂ ਟਾਲਾ ਵੱਟਣ ਦੀ ਅਪਣਾਈ ਨੀਤੀ ਕਾਰਣ ਸਿੱਖਿਆ ਮੰਤਰੀ ਦਾ ਅਧਿਆਪਕ ਅਤੇ ਸਿੱਖਿਆ ਵਿਰੋਧੀ ਚਿਹਰਾ ਜੱਗ ਜ਼ਾਹਰ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਸਰਕਾਰ ਨਵੀਂ ਕੌਮੀ ਸਿੱਖਿਆ ਨੀਤੀ ਤੇ ਅਮਲ ਕਰਦਿਆਂ ਬੇਰੁਜ਼ਗਾਰ ਅਧਿਆਪਕਾਂ ਤੋਂ ਰੁਜ਼ਗਾਰ ਅਤੇ ਵਿਦਿਆਰਥੀਆਂ ਤੋਂ ਪੜ੍ਹਾਈ ਦਾ ਹੱਕ ਖੋਹਣ ਲਈ ਸਮਾਰਟ ਸਕੂਲ਼ ਅਤੇ ਆਨ ਲਾਈਨ ਸਿੱਖਿਆ ਨੂੰ ਉਤਸ਼ਾਹਿਤ ਕਰ ਰਹੀ ਹੈ,ਜਿਸਦਾ ਸੂਤਰਧਾਰ ਸਰਕਾਰੀ ਥਾਪੜਾ ਲੈ ਕੇ ਤੁਰਿਆ ਸਿੱਖਿਆ ਸਕੱਤਰ ਹੈ,ਜਿਹੜਾ ਸਰਕਾਰੀ ਸਕੂਲ਼ ,ਸਿੱਖਿਆ ਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਡੋਬਣ ਤੇ ਤੁਲਿਆ ਹੋਇਆ ਹੈ। ਅਧਿਆਪਕ ਮੰਗਾਂ ਨੂੰ ਦਰਕਿਨਾਰ ਕਰਨ ਵਾਲ਼ੇ ਸਿੱਖਿਆ ਮੰਤਰੀ ਨੂੰ ਸਬਕ ਸਿਖਾਉਣ ਲਈ ਜਥੇਬੰਦਕ ਆਗੂਆਂ ਨੇ ਸੰਘਰਸ਼ ਦੇ ਰਾਹ ਦੀ ਪੈਰਵਾਈ ਕਰਨ ਦਾ ਅਹਿਦ ਲਿਆ। ਅਧਿਆਪਕ ਆਗੂਆਂ ਅਜਮੇਰ ਸਿੰਘ ਬੱਸੀਆਂ ,ਹਰਜੀਤ ਸਿੰਘ ਸੁਧਾਰ ,ਰਾਜਵੀਰ ਸਿੰਘ ਸਮਰਾਲਾ, ਲਾਲ ਸਿੰਘ ਕੁਤਬੇਵਾਲ ,ਦਵਿੰਦਰ ਸਿੰਘ ਜਗਰਾਓਂ , ਰਾਜੇਸ਼ ਕੁਮਾਰ ਸਮਰਾਲਾ,ਹਰਪਿੰਦਰ ਸਿੰਘ ਸ਼ਾਹੀ ,ਰਵੇਲ ਸਿੰਘ ਥਰੀਕੇ, ਅਮਨਦੀਪ ਸਿੰਘ ਦੱਧਾਹੂਰ, ਗਗਨਦੀਪ ਸਿੰਘ ਰੌਂਤਾ ,ਮਨਰਾਜ ਸਿੰਘ ਵਿਰਕ , ਗੁਰਬਚਨ ਸਿੰਘ ,ਪ੍ਰਦੀਪ ਸਿੰਘ ਮਾਂਗਟ , ਗੁਰਦੀਪ ਸਿੰਘ ਹੇਰਾਂ ,ਬਲਵਿੰਦਰ ਡੇਹਲੋਂ,ਰਵਿੰਦਰ ਸਿੰਘ ਜਾਂਗਪੁਰ ,ਰਾਕੇਸ਼ ਕੁਮਾਰ , ਸੰਜੇ ਪੁਰੀ , ਗੁਰਪ੍ਰੀਤ ਸਿੰਘ ਅਤੇ ਅੰਕੁਸ਼ ਸਰਮਾ ਨੇ ਅਧਿਆਪਕਾਂ ਦੀਆਂ ਭਖਦੀਆਂ ਮੰਗਾਂ – ਤਨਖਾਹ ਕਮਿਸ਼ਨ ਦੀ ਰਿਪੋਰਟ 1 ਜਨਵਰੀ 2026 ਤੋਂ ਲਾਗੂ ਕਰਨ, ਡੀ.ਏ.ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ, ਘਰ ਘਰ ਦਾਖ਼ਲਾ ਮੁਹਿੰਮ ਬੰਦ ਕਰਨ,ਆਨ ਲਾਈਨ ਸਿੱਖਿਆ ਤੇ ਪਾਬੰਦੀ ਲਗਾਉਣ, ਪ੍ਰਾਇਮਰੀ ਡਾਇਰੈਕਟੋਰੇਟ ਨੂੰ ਭੰਗ ਕਰਨ ਦੀ ਸਿੱਖਿਆ ਵਿਰੋਧੀ ਨੀਤੀ ਤਿਆਗਣ, ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਤੁਰੰਤ ਲਾਗੂ ਕਰਨ, ਮਿਡਲ ਸਕੂਲਾਂ ਦੀਆਂ ਸੈਕੰਡਰੀ ਸਕੂਲਾਂ ਵਿੱਚ ਭੇਜੀਆਂ ਪੋਸਟਾਂ ਵਾਪਸ ਕਰਨ, ਰੈਗੂਲਰ ਪੂਰੀ ਤਨਖਾਹ ਤੇ ਭਰਤੀ ਕਰਨ, ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਤੇ ਕੋਰੋਨਾ ਡਿਊਟੀ ਵਿੱਚ ਜਾਨ ਗੁਆਉਣ ਵਾਲੇ ਅਧਿਆਪਕਾਂ ਦੇ ਪਰਿਵਾਰਾਂ ਨੂੰ ਤੁਰੰਤ 50 ਲੱਖ ਰੁਪਏ ਮੁਆਵਜ਼ਾ ਰਾਸ਼ੀ ਦੇਣ ਦੀ ਪੁਰਜ਼ੋਰ ਪ੍ਰੋੜਤਾ ਕਰਦਿਆਂ ਸੰਘਰਸ਼ ਵਿੱਚ ਡਟਣ ਦਾ ਐਲਾਨ ਕੀਤਾ ਹੈ।ਸਰਕਾਰੀ ਮਨਸ਼ੇ ਸਕੂਲ ਸਿੱਖਿਆ ਨੂੰ ਕਾਰਪੋਰੇਟ ਘਰਾਣਿਆਂ ਦੀ ਝੋਲੀ ਪਾਉਣ ਵਾਲੇ ਹਨ।ਇਸੇ ਲਈ ਮਿਸ਼ਨ ਸ਼ਤ ਪ੍ਰਤੀਸ਼ਤ ਤੇ ਆਨ ਲਾਈਨ ਸਿੱਖਿਆ ਜਿਹੀਆਂ ਨੀਤੀਆਂ ਲਾਗੂ ਕਰਕੇ ਵਿੱਦਿਅਕ ਮਾਹੌਲ ਨੂੰ ਰਸਮੀ ਤੇ ਮਹਿਜ਼ ਅੰਕੜਿਆਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਅਧਿਆਪਕ ਆਗੂਆਂ ਨੇ ਆਖਿਆ ਕਿ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਕੇ ਸਰਕਾਰ ਸਿੱਖਿਆ ਦੇ ਨਿੱਜੀਕਰਨ ਨੂੰ ਲਾਗੂ ਕਰ ਰਹੀ ਹੈ,ਜਿਸਨੇ ਰੁਜ਼ਗਾਰ ਅਤੇ ਸਿੱਖਿਆ ਨੂੰ ਕਾਰਪੋਰੇਟ ਘਰਾਣਿਆਂ ਕੋਲ ਗਿਰਵੀ ਰੱਖਣਾ ਹੈ। ਬੇਰੁਜ਼ਗਾਰ ਅਧਿਆਪਕਾਂ ਤੋਂ ਰੁਜ਼ਗਾਰ,ਅਧਿਆਪਕਾਂ ਤੋਂ ਰੈਗੂਲਰ ਭਰਤੀ ਅਤੇ ਪੂਰੀ ਤਨਖ਼ਾਹ ਦਾ ਹੱਕ ਖੋਹਣਾ ਹੈ। ਅਧਿਆਪਕ ਆਗੂਆਂ ਨੇ ਆਖਿਆ ਕਿ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਲਈ ਸਿੱਖਿਆ ਮੰਤਰੀ ਕੋਰੋਨਾ ਕਾਲ ਦੀ ਢਾਲ ਨੂੰ ਵਰਤਣਾ ਚਾਹੁੰਦਾ ਹੈ,ਜਿਸਦੇ ਖ਼ਿਲਾਫ਼ ਰਾਜ ਭਰ ਵਿੱਚ 25 ਮਈ ਨੂੰ ਜਿਲ੍ਹਾ ਹੈੱਡ ਕੁਆਰਟਰ ਤੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ ਜਾਵੇਗਾ ।






















