ਮਾਨਸਾ ਦੇ ਡੀ.ਸੀ. ਅਤੇ ਐਸ.ਐਸ.ਪੀ. ਨੂੰ ਮਿਲਕੇ ਵਰਕਰਾਂ ਦੀਆਂ ਤਕਲੀਫਾਂ ਦੂਰ ਕਰਨ ਦੀ ਕੀਤੀ ਮੰਗ
ਮਾਨਸਾ, 18 ਜਨਵਰੀ (ਵਿਸ਼ਵ ਵਾਰਤਾ)-ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾਈ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਨੇ ਕਿਹਾ ਕਿ ਸਮੁੱਚੇ ਦੇਸ਼ ਵਿੱਚ ਦਲਿਤ ਔਰਤਾਂ, ਲੜਕੀਆਂ ਅਤੇ ਗਰੀਬ ਲੋਕਾਂ *ਤੇ ਸੋਚੀ ਸਮਝੀ ਸਾਜਿਸ਼ ਤਹਿਤ ਅਧੀਨ ਘਿਨੌਣੀਆਂ ਹਰਕਤਾਂ ਅਤੇ ਅੱਤਿਆਚਾਰ ਕੀਤੇ ਜਾ ਰਹੇ ਹਨ, ਜਿੰਨ੍ਹਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹ ਇਥੇ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਹਨ।
ਆਪਣੀ ਤਕਰੀਰ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਅਤੇ ਆਰ.ਐਸ.ਐਸ. ਦੇ ਆਗੂਆਂ ਵੱਲੋਂ ਭਾਰਤ ਇਕ ਹਿੰਦੂ ਰਾਜ ਬਣਾਉਣ ਲਈ ਤਰ੍ਹਾਂ—ਤਰ੍ਹਾਂ ਦੇ ਹੱਥ ਕੰਡੇ ਵਰਤੇ ਜਾ ਰਹੇ ਹਨ, ਜਿਸ ਤਹਿਤ ਸਮੁੱਚੇ ਭਾਰਤ ਵਿੱਚ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸਿਲੇਬਸ ਦਾ ਭਗਵਾ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਸੰਗਠਨਾਂ ਦੇ ਆਗੂ ਪ੍ਰੈਸ ਵਿੱਚ ਅਜਿਹੇ ਬਿਆਨ ਦੇ ਰਹੇ ਹਨ, ਜੋ ਦੇਸ਼ ਦੀ ਏਕਤਾ ਅਤੇ ਇਕੱਠਤਾ ਲਈ ਵੱਡਾ ਖਤਰਾ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਅਫਰਾ—ਤਫੜੀ ਵਾਲਾ ਮਾਹੌਲ ਪੈਦਾ ਹੋ ਰਿਹਾ ਹੈ, ਜਿਸ ਨੂੰ ਰੋਕਣ ਲਈ ਸਰਕਾਰ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੱਟੜ ਪੰਥੀਆਂ ਵੱਲੋਂ ਸੰਵਿਧਾਨ ਨਾਲ ਛੇੜਛਾੜ ਕਰਨ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ, ਜਿਸ ਦਾ ਜੋਰਦਾਰ ਵਿਰੋਧ ਕਰਨ ਤੋਂ ਇਲਾਵਾ ਸੜਕਾਂ *ਤੇ ਉਤਰਨ ਤੋਂ ਵੀ ਗੁਰੇਜ ਨਹੀਂ ਕੀਤਾ ਜਾਵੇਗਾ।
ਮੀਟਿੰਗ ਵਿੱਚ ਕੁੱਝ ਆਗੂਆਂ ਵੱਲੋਂ ਮਾਨਸਾ ਜ਼ਿਲ੍ਹੇ ਦੇ ਕੁਝ ਲੋਕਾਂ ਵੱਲੋਂ ਧੱਕੇਸ਼ਾਹੀ ਅਤੇ ਅੱਤਿਆਚਾਰ ਦੀਆਂ ਲਿਖਤੀ ਸ਼ਿਕਾਇਤਾਂ ਸੂਬਾ ਪ੍ਰਧਾਨ ਅੱਗੇ ਪੇਸ਼ ਕੀਤੀਆਂ ਗਈਆਂ, ਜਿਸ ਉੱਪਰ ਤੁਰੰਤ ਕਾਰਵਾਈ ਕਰਦਿਆਂ ਮੀਟਿੰਗ ਖਤਮ ਹੋਣ ਉਪਰੰਤ ਸੂਬਾ ਪ੍ਰਧਾਨ ਸਥਾਨਕ ਆਗੂਆਂ ਸਮੇਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਕਪਤਾਨ ਪੁਲੀਸ ਨੂੰ ਮਿਲੇ ਅਤੇ ਉਨ੍ਹਾਂ ਦੇ ਧਿਆਨ ਵਿੱਚ ਸਾਰੇ ਭਖਦੇ ਮਸਲੇ ਰੱਖੇ। ਦੋਵਾਂ ਅਧਿਕਾਰੀਆਂ ਨੇ ਸੂਬਾ ਆਗੂ ਨੂੰ ਸਾਰੇ ਮਸਲੇ ਪਹਿਲ ਦੇ ਅਧਾਰ *ਤੇ ਹੱਲ ਕਰਨ ਦਾ ਭਰੋਸਾ ਦਿੱਤਾ।
ਪਾਰਟੀ ਦੇ ਸੂਬਾਈ ਜਨਰਲ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਸੂਬਾ ਪ੍ਰਧਾਨ ਨੂੰ ਪਾਰਟੀ ਵੱਲੋਂ ਦਿੱਤੇ ਗਏ ਦਿਸ਼ਾ—ਨਿਰਦੇਸ਼ਾਂ ਨੂੰ ਤਨਦੇਹੀ ਨਾਲ ਨਿਭਾਉਣ ਦਾ ਸਾਰੇ ਆਗੂਆਂ ਅਤੇ ਵਰਕਰਾਂ ਵੱਲੋਂ ਭਰੋਸਾ ਦਵਾਇਆ।
ਜੋਨ ਇੰਚਾਰਜ ਆਤਮਾ ਸਿੰਘ ਪੁਮਾਰ ਨੇ ਮੰਚ ਸੰਚਾਲਣ ਦੀ ਜਿੰਮੇਵਾਰੀ ਬਾਖੂਬੀ ਨਿਭਾਉਣ ਤੋਂ ਇਲਾਵਾ ਫਰੀਦਕੋਟ ਜੋਨ ਦੇ ਛੇ ਜ਼ਿਲਿ੍ਹਆਂ ਦੀ ਵਿਸਥਾਰਤ ਅੱਜ ਤੱਕ ਦੀ ਪ੍ਰਗਤੀ ਰਿਪੋਰਟ ਮੀਟਿੰਗ ਵਿੱਚ ਪੇਸ਼ ਕੀਤੀ।
ਇਸ ਮੌਕੇ ਸੂਬਾ ਅਗੂ ਪ੍ਰਵੀਨ ਬੰਗਾ, ਜ਼ਿਲ੍ਹਾ ਪ੍ਰਧਾਨ ਰਜਿੰਦਰ ਭੀਖੀ, ਸ਼ੇਰ ਸਿੰਘ ਬੁਢਲਾਡਾ, ਭੁਪਿੰਦਰ ਸਿੰਘ ਬੀਰਵਾਲ, ਸਰਵਰ ਕੁਰੈਸ਼ੀ, ਕੁਲਦੀਪ ਸਿੰਘ ਕਾਕਾ, ਮੱਖਣ ਸਿੰਘ ਬੁਢਲਾਡਾ, ਲੱਖਾ ਕੁਸਲਾ, ਸੁਖਦੇਵ ਭੀਖੀ, ਬਾਵਾ ਕੁਲਰੀਆਂ, ਜਸਵਿੰਦਰ ਜੱਸਾ ਨੇ ਵੀ ਸੰਬੋਧਨ ਕੀਤਾ।
ਫੋਟੋ ਕੈਪਸ਼ਨ: ਬਸਪਾ ਦੇ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ, ਮਾਨਸਾ ਦੇ ਡੀ.ਸੀ. ਅਤੇ ਐਸ.ਐਸ.ਪੀ ਨੂੰ ਮਿਲਣ ਤੋਂ ਬਾਅਦ ਵਰਕਰਾਂ ਨਾਲ ਗੱਲਬਾਤ ਕਰਦੇ ਹੋਏ।