ਕੋਵਿਡ ਹਸਪਤਾਲਾਂ ਨੂੰ ਨਹੀ ਆਉਣ ਦਿੱਤੀ ਜਾਵੇਗੀ ਆਕਸੀਜਨ ਦੀ ਕਮੀ-ਡਿਪਟੀ ਕਮਿਸ਼ਨਰ
ਪ੍ਰਾਈਵੇਟ ਹਸਪਤਾਲ ਆਕਸੀਜਨ ਦਾ ਡਾਟਾ ਕਰਨ ਪ੍ਰਸ਼ਾਸਨ ਨਾਲ ਕਰਨ ਸਾਂਝਾ

ਅੰਮ੍ਰਿਤਸਰ 23 ਅਪੈ੍ਰਲ: ਸਾਰੇ ਰਾਜਾਂ ਵਿਚ ਆਕਸੀਜਨ ਦੀ ਸਪਲਾਈ ਦੀ ਮਾਤਰਾ ਸੀਮਤ ਹੈ ਅਤੇ ਸਾਰੇ ਹਸਪਤਾਲਾਂ ਨੂੰ ਆਕਸੀਜਨ ਦੀ ਵਰਤੋ ਕਾਫੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਤੇ ਇਸਦੀ ਲੀਕੇਜ ਨੂੰ ਪਹਿਲ ਦੇ ਆਧਾਰ ਤੋ ਰੋਕਣਾ ਚਾਹੀਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ: ਗੁਰਪੀ੍ਰਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਲੋਕਾਂ ਨੂੰ ਆਕਸੀਜਨ ਸਬੰਧੀ ਫੈਲ ਰਹੀਆਂ ਅਫਵਾਹਾਂ ਤੋ ਬਿਲਕੁਲ ਘਬਰਾਉਣ ਦੀ ਲੋੜ ਨਹੀ ਹੈ, ਜਿਲ੍ਹਾ ਪ੍ਰਸ਼ਾਸਨ ਵਲੋ ਸਾਰੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਤੇ ਭਾਰਤ ਸਰਕਾਰ ਵਲੋ ਸਾਰੇ ਸੂਬਿਆਂ ਨੂੰ ਰਾਸ਼ਨਿੰਗ ਵਿਵਸਥਾ ਰਾਹੀ ਮੰਗ ਅਨੁਸਾਰ ਆਕਸੀਜਨ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਸ: ਖਹਿਰਾ ਨੇ ਦੱਸਿਆ ਕਿ ਸਾਰੇ ਕੋਵਿਡ ਹਸਪਤਾਲਾਂ ਨੂੰ ਆਕਸੀਜਨ ਦੀ ਕਮੀ ਨਹੀ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਵਲੋ ਵਰਤੀ ਜਾਂਦੀ ਆਕਸੀਜਨ ਦਾ ਡਾਟਾ ਪ੍ਰਸ਼ਾਸਨ ਨਾਲ ਸਾਂਝਾ ਕਰਨ ਤਾਂ ਜੋ ਲੋੜ ਅਨੁਸਾਰ ਆਕਸੀਜਨ ਮੁਹੱਈਆਂ ਕਰਵਾਈ ਜਾ ਸਕੇ ਅਤੇ ਜੇਕਰ ਉਨ੍ਹਾਂ ਦੇ ਹਸਪਤਾਲ ਵਿਚ ਆਕਸੀਜਨ ਦੀ ਕਮੀ ਆਉਦੀ ਹੈ ਤਾਂ ਆਪਣੇ ਮਰੀਜ਼ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਸ਼ਿਫਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲੇ੍ਹ ਵਿਚ ਆਕਸੀਜਨ ਦੀ ਸਪਲਾਈ ਮੇਨਟੇਨ ਕੀਤੀ ਜਾ ਰਹੀ ਹੈ ਅਤੇ ਇਸਦੀ ਵਰਤੋ ਨੂੰ ਸਹੀ ਢੰਗ ਨਾਲ ਕਰਨ ਲਈ ਆਦੇਸ਼ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਾਰੇ ਹਸਪਤਾਲਾਂ ਵਿਚ ਇਲੈਕਟਿਵ ਸਰਜਰੀ ਤੋ ਰੋਕ ਲਗਾਈ ਗਈ ਹੈ ਅਤੇ ਕੇਵਲ ਗੰਭੀਰ ਮਰੀਜ਼ਾਂ ਦੇ ਹੀ ਅਪਰੇਸ਼ਨ ਕੀਤੇ ਜਾ ਰਹੇ ਹਨ।
ਸ: ਖਹਿਰਾ ਨੇ ਦੱਸਿਆ ਕਿ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਆਕਸੀਜਨ ਦੀ ਬਲੈਕਮੇਲ ਤੇ ਖਾਸ ਧਿਆਨ ਰੱਖਿਆ ਜਾਵੇ ਅਤੇ ਜੇਕਰ ਕੋਈ ਕਰਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਡਾਕਟਰਾਂ ਨੂੰ ਕਿਹਾ ਗਿਆ ਹੈ ਕਿ ਲੋੜ ਪੈਣ ਵਾਲੇ ਮਰੀਜਾਂ ਨੂੰ ਹੀ ਆਕਸੀਜਨ ਮੁਹੱਈਆ ਕਰਵਾਈ ਜਾਵੇ।






















