– ਜ਼ਖਮੀ ਵਿਦਿਆਰਥੀਆਂ ਦਾ ਮੁਫਤ ਇਲਾਜ ਯਕੀਨ ਬਣਾਉਣ ਅਤੇ ਹਰ ਸੰਭਵ ਮਦਦ ਦੇਣ ਲਈ ਹੁਕਮ ਜਾਰੀ
ਚੰਡੀਗੜ੍ਹ, 16 ਜਨਵਰੀ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਵੇਰੇ ਗੋਰਾਇਆਂ ਨੇੜੇ ਰਾਸ਼ਟਰੀ ਮਾਰਗ ‘ਤੇ ਇਕ ਦੁਖਦਾਈ ਸੜਕ ਹਾਦਸੇ ਵਿੱਚ ਇਕ ਅਧਿਆਪਕ ਦੇ ਮਾਰੇ ਜਾਣ ਅਤੇ 20 ਵਿਦਿਆਰਥੀਆਂ ਦੇ ਜ਼ਖਮੀ ਹੋਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਮੁੱਖ ਮੰਤਰੀ ਨੇ ਹਾਦਸੇ ਵਿੱਚ ਜ਼ਖਮੀ ਹੋਏ ਵਿਦਿਆਰਥੀਆਂ ਦੇ ਵਧੀਆ ਤੋਂ ਵਧੀਆ ਅਤੇ ਮੁਫਤ ਇਲਾਜ ਯਕੀਨੀ ਬਣਾਉਣ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਜਾਰੀ ਕੀਤੇ ਹਨ।
ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸੰਗਰੂਰ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਾ ਦੇ ਵਿਦਿਆਰਥੀਆਂ ਨੂੰ ਪੁਸ਼ਪਾ ਗੁਜਰਾਲ ਸਿਟੀ ਕਪੂਰਥਲਾ ਵਿਖੇ ਵਿਦਿਅਕ ਟੂਰ ‘ਤੇ ਲਿਜਾ ਰਹੀ ਪੀ.ਆਰ.ਟੀ.ਸੀ. ਦੀ ਬੱਸ ਗੋਰਾਇਆਂ ਨੇੜੇ ਇਕ ਟਰੱਕ ਨਾਲ ਟਕਰਾ ਗਈ।
ਮੁੱਖ ਮੰਤਰੀ ਨੇ ਇਸ ਹਾਦਸੇ ਵਿੱਚ ਮਾਰੇ ਗਏ ਅਧਿਆਪਕ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਅਤੇ ਉਸਦੀ ਆਤਮਾ ਦੀ ਸ਼ਾਂਤੀ ਅਤੇ ਇਹ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਸਹਿਣ ਕਰਨ ਲਈ ਪਰਿਵਾਰ ਨੂੰ ਬੱਲ ਬਖਸ਼ਣ ਵਾਸਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਉਨ੍ਹਾਂ ਨੇ ਜ਼ਖਮੀ ਵਿਦਿਆਰਥੀਆਂ ਦੇ ਜਲਦੀ ਠੀਕ ਹੋਣ ਦੀ ਵੀ ਕਾਮਨਾ ਕੀਤੀ।