
ਭਿੱਖੀਵਿੰਡ 21 ਮਾਰਚ( ਵਿਸ਼ਵ ਵਾਰਤਾ):- ਪੰਜਾਬ ਦੇ ਤਰਨਤਾਰਨ ਦੇ ਇਲਾਕੇ ਭਿੱਖੀਵਿੰਡ ‘ਚ ਪੁਲਿਸ ਵੱਲੋਂ ਕੀਤੇ ਐਨਕਾਊਂਟਰ ‘ਚ ਦੋ ਨਿਹੰਗਾਂ ਦੀ ਮੌਕੇ ਤੇ ਮੌਤ ਹੋ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਦੇ ਪਿੰਡ ਸਿੰਘਪੁਰਾ ਗੁਪਤ ਸੂਚਨਾ ਦੇ ਆਧਾਰ ਤੇ ਵਲਟੋਹਾ ਤੇ ਖੇਮਕਰਨ ਦੀ ਪੁਲੀਸ ਛਾਪੇਮਾਰੀ ਕਰਨ ਲਈ ਗਈ ਸੀ, ਜਿੱਥੇ ਕੁਝ ਨਿਹੰਗਾਂ ਨੇ ਪੁਲਸ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਥਾਣਾ ਭਿੱਖੀਵਿੰਡ ਦੇ ਹੈੱਡ ਕਾਂਸਟੇਬਲ ਸਰਬਜੀਤ ਸਿੰਘ ਦੀ 10 ਦਿਨ ਪਹਿਲਾਂ ਮੌਤ ਹੋ ਚੁੱਕੀ ਹੈ, ਜਿਸ ਦੀ ਭੋਗ ਦੀ ਰਸਮ ਪਿੰਡ ਛਿਛਰੇਵਾਲ ਚੱਲ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਕੁਝ ਕੇਸਾਂ ਚ ਲੋੜੀਂਦੇ ਪੇਸ਼ਾਵਰ ਬਦਮਾਸ਼ ਏਰੀਏ ਵਿੱਚ ਘੁੰਮ ਰਹੇ ਹਨ।ਜਿਸ ਤੋਂ ਬਾਅਦ ਥਾਣਾ ਵਲਟੋਹਾ ਤੇ ਖੇਮਕਰਨ ਦੀ ਪੁਲੀਸ ਦੀਆਂ ਟੀਮਾਂ ਨੇ ਜੁਆਇੰਟ ਆਪ੍ਰੇਸ਼ਨ ਕਰ ਕੇ ਪਿੰਡ ਸਿੰਘਪੁਰਾ ਪਹੁੰਚੇ ਅਤੇ ਇਲਾਕੇ ਚ ਘੇਰਾਬੰਦੀ ਕਰ ਦਿੱਤੀ। ਇਸ ਦੌਰਾਨ ਨਿਹੰਗਾਂ ਨੇ ਪੁਲਿਸ ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਐਸਐਚਓ ਖੇਮਕਰਨ ਨਰਿੰਦਰ ਸਿੰਘ ਤੇ ਐਸਐਚਓ ਵਲਟੋਹਾ ਬਲਵਿੰਦਰ ਸਿੰਘ ਸਮੇਤ ਕਈ ਪੁਲਿਸ ਮੁਲਾਜ਼ਮ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਿਸ ਦੇ ਅਨੁਸਾਰ ਦੋਵੇਂ ਨਿਹੰਗ ਭੇਸ ਬਦਲ ਕੇ ਰਹਿ ਰਹੇ ਸਨ ਅਤੇ ਸ੍ਰੀ ਹਜ਼ੂਰ ਸਾਹਿਬ ਕਤਲ ਕਰਨ ਤੋਂ ਬਾਅਦ ਫਰਾਰ ਚੱਲ ਰਹੇ ਸਨ ਜੋ ਕਿ ਹੋਰ ਕਈ ਮਾਮਲਿਆਂ ਚ ਲੋੜੀਂਦੇ ਸਨ। ਇਸ ਦੀ ਜਾਣਕਾਰੀ ਮਿਲਦੇ ਐਸਐਸਪੀ ਧੁਰਮਨ ਨਿੰਬਲੇ ਦੀ ਅਗਵਾਈ ਚ ਪੁਲਿਸ ਅਧਿਕਾਰੀਆਂ ਦੀ ਟੀਮ ਮੌਕੇ ਤੇ ਪਹੁੰਚ ਗਈ ਹੈ ਅਤੇ ਇਲਾਕੇ ਚ ਛਾਣਬੀਣ ਜਾਰੀ ਹੈ।






















