ਇਤਿਹਾਸਕ ਕਿਸਾਨ ਅੰਦੋਲਨ ਦਾ ਅੱਜ 120 ਵਾਂ ਦਿਨ
ਲਗਾਤਾਰ ਕਿਸਾਨ ਡਟੇ ਹਨ ਦਿੱਲੀ ਦੀਆਂ ਬਰੂਹਾਂ ਤੇ
ਕਿਸਾਨਾਂ ਨੇ 26 ਮਾਰਚ ਨੂੰ ਕੀਤਾ ਭਾਰਤ ਬੰਦ ਦਾ ਐਲਾਨ
ਹੋਲੀ ਦੇ ਦਿਨ ਕਿਸਾਨ ਸਾੜਨਗੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ
ਭਾਰਤ ਬੰਦ ਲਈ ਸਭ ਦੇ ਕੋਲ ਜਾ ਕੇ ਮੰਗਿਆਂ ਜਾ ਰਿਹਾ ਹੈ ਸਮਰਥਨ

ਚੰਡੀਗੜ੍ਹ, 19 ਮਾਰਚ(ਵਿਸ਼ਵ ਵਾਰਤਾ)- ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ਼ ਦਿੱਲੀ ਬਾਰਡਰਾਂ ਤੇ ਡਟੇ ਕਿਸਾਨ ਅੰਦੋਲਨ ਦਾ ਅੱਜ 120 ਵਾਂ ਦਿਨ ਹੈ। ਪਹਿਲਾਂ ਹੱਡ ਚੀਰਵੀਂ ਠੰਢ , ਕੋਹਰੇ ਅਤੇ ਤੇਜ਼ ਮੀਂਹ ਨੂੰ ਝੱਲਣ ਤੋਂ ਬਾਅਦ ਹੁਣ ਤੇਜ਼ ਧੁੱਪ ਅਤੇ ਗਰਮੀ ਵਿੱਚ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਲਗਾਤਾਰ ਡਟੇ ਹੋਏ ਹਨ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਸੰਗਠਨਾਂ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਗੁੱਸਾ ਵੱਧਦਾ ਹੀ ਜਾ ਰਿਹਾ ਹੈ। ਕਿਸਾਨਾਂ ਨੇ 26ਮਾਰਚ ਨੂੰ ਭਾਰਤ ਬੰਦ ਕਰਨ ਤੋਂ ਬਾਅਦ ਹੋਲੀ ਵਾਲੇ ਦਿਨ ਵੀ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਆਗੂ ਹੋਲਿਕਾ ਦਹਿਨ ਦੀ ਥਾਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੂੰ ਸਾੜਨਗੇ। ਇਸ ਸੰਬੰਧ ਵਿੱਚ ਕੁੰਡਲੀ ਬਾਰਡਰ ਅਤੇ ਸਿੰਘੂ ਬਾਰਡਰ ਤੇ ਕਿਸਾਨ ਆਗੂਆਂ ਅਤੇ ਕੁਝ ਹੋਰ ਸੰਗਠਨਾਂ ਵਿੱਚ ਮੀਟਿੰਗ ਹੋਈ ਹੈ। ਜਿਸ ਵਿੱਚ ਰਣਨੀਤੀ ਬਣਾਉਣ ਦੇ ਨਾਲ ਹੀ ਕਿਸਾਨਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ।
ਭਾਰਤ ਬੰਦ ਦੇ ਲਈ ਸਭ ਦੇ ਕੋਲ ਜਾ ਕੇ ਸਮਰਥਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਇਹ ਬਿਲਕੁਲ ਸ਼ਾਂਤੀਪੂਰਨ ਢੰਗ ਨਾਲ ਹੋਵੇਗਾ। ਇਸ ਵਿੱਚ ਜੇਕਰ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਖੁਦ ਹੀ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਵੇਗਾ। ਇਸ ਦੇ ਚਲਦੇ ਹੀ ਜੀਂਦ ਦੇ ਕੰਡੇਲਾ ਪਿੰਡ ਵਿੱਚ ਮਹਿਲਾ ਪੰਚਾਇਤ ਹੋਈ ਹੈ। ਉਥੇ ਹੀ ਖਟਕਡ ਟੋਲ ਤੋਂ ਕਿਸਾਨਾਂ ਦਾ ਇਕ ਪੈਦਲ ਜੱਥਾ ਰਵਾਨਾ ਹੋਇਆ ਹੈ। ਇਹ ਜੱਥਾ 23 ਮਾਰਚ ਨੂੰ ਭਗਤ ਸਿੰਘ ਦੇ ਸ਼ਹੀਦੀ ਦਿਵਸ ਤੇ ਦਿੱਲੀ ਦੇ ਟੀਕਰੀ ਬਾਰਡਰ ਤੇ ਪੁੱਜ ਜਾਵੇਗਾ।
ਇਸ ਤੋਂ ਇਲਾਵਾ ਟੀਕਰੀ ਅਤੇ ਖੇੜਾ ਬਾਰਡਰ ਤੇ ਕਿਸਾਨਾਂ ਦਾ ਧਰਨਾ ਜਾਰੀ ਹੈ। ਸ਼ੰਭੂ ਬਾਰਡਰ ਤੇ ਵੀ ਕਿਸਾਨਾਂ ਦੀ ਬੈਠਕ ਕੀਤੀ ਗਈ ਅਤੇ ਭਾਰਤ ਬੰਦ ਨੂੰ ਸਫਲ ਬਣਾਉਣ ਦੇ ਲਈ ਰਣਨੀਤੀ ਬਣਾਈ ਗਈ। ਇਸ ਦੇ ਨਾਲ ਹੋਲਿਕਾ ਦਹਿਨ ਵਿੱਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਤੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਬਾਰਡਰ ਤੇ ਮਨਾਉਣ ਨੂੰ ਲੈ ਕੇ ਵੀ ਵਿਚਾਰਾਂ ਕੀਤੀਆਂ ਗਈਆਂ।






















