ਬੁਢਲਾਡਾ ‘ਤੇ ਮੋਰਚਾ 150 ਵੇਂ ਦਿਨ ਦਾਖਲ
ਦਿੱਲੀ ਪ੍ਰਤੀ ਕਿਸਾਨਾਂ ਵਿੱਚ ਭਾਰੀ ਉਤਸ਼ਾਹ

ਬੁਢਲਾਡਾ,28 ਫਰਵਰੀ (ਵਿਸ਼ਵ ਵਾਰਤਾ) ਖੇਤੀ ਸਬੰਧੀ ਕਾਲੇ ਕਾਨੂੰਨਾਂ ਖਿਲਾਫ਼ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਕਿਸਾਨ ਮੋਰਚੇ ਦੇ 150 ਵੇਂ ਦਿਨ ਵੀ ਦਿਨ-ਰਾਤ ਦਾ ਧਰਨਾ ਜਾਰੀ ਰਿਹਾ।
ਆਗੂਆਂ ਨੇ ਦਾਅਵਾ ਕੀਤਾ ਕਿ ਸਾਰੇ ਪਿੰਡਾਂ ਵਿੱਚ ਦਿੱਲੀ ਜਾਣ ਸਬੰਧੀ ਭਾਰੀ ਉਤਸ਼ਾਹ ਹੈ । ਵਹੀਰਾਂ ਘੱਤ ਕੇ ਕਿਸਾਨ – ਮਜ਼ਦੂਰ ਅਤੇ ਹੋਰ ਵਰਗ ਦਿੱਲੀ ਪਹੁੰਚ ਰਹੇ ਹਨ।
ਅੱਜ ਕਿਸਾਨਾਂ ਦੇ ਇਕੱਠ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਜਿਨ੍ਹਾਂ ਵਿੱਚ ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਮਹਿੰਦਰ ਸਿੰਘ ਦਿਆਲਪੁਰਾ , ਸਤਪਾਲ ਸਿੰਘ ਬਰੇ , ਪੰਜਾਬ ਕਿਸਾਨ ਯੂਨੀਅਨ ਦੇ ਦਰਸ਼ਨ ਸਿੰਘ ਗੁਰਨੇ ਕਲਾਂ , ਸਵਰਨ ਸਿੰਘ ਬੋੜਾਵਾਲ , ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਸੁਖਦੇਵ ਸਿੰਘ ਬੋੜਾਵਾਲ , ਕਾਮਰੇਡ ਹਰਦਿਆਲ ਸਿੰਘ ਦਾਤੇਵਾਸ , ਭਾਰਤੀ ਕਿਸਾਨ ਯੂਨੀਅਨ ( ਕਾਦੀਆਂ ) ਦੇ ਸਿੰਗਾਰਾ ਸਿੰਘ ਦੋਦੜਾ ਸ਼ਾਮਲ ਸਨ। ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਕਿਰਤੀਆਂ ਨੇ ਮੋਦੀ ਸਰਕਾਰ ਦੇ ਕੋਝੇ ਹੱਥਕੰਡਿਆਂ ਅਤੇ ਸਾਜਿਸ਼ਾਂ ਨੂੰ ਚੁਣੌਤੀ ਵਜੋਂ ਲਿਆ ਹੈ। ਇਸ ਕਰਕੇ ਇਨਾਂ ਸੂਬਿਆਂ ਸਮੇਤ ਪੂਰੇ ਦੇਸ਼ ਵਿੱਚੋਂ ਲੋਕ ਵਹੀਰਾਂ ਘੱਤ ਕੇ ਜਥਿਆਂ ਦੇ ਰੂਪ ਵਿੱਚ ਦਿੱਲੀ ਪਹੁੰਚ ਰਹੇ ਹਨ। ਕਿਸਾਨ ਅੰਦੋਲਨ ਮੋਦੀ ਸਰਕਾਰ ਨੂੰ ਜੜੋਂ ਉਖਾੜਕੇ ਰੱਖ ਦੇਵੇਗਾ ।
ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨ ਕਿਸਾਨੀ ਅਤੇ ਦੇਸ਼ ਨੂੰ ਬਰਬਾਦ ਕਰ ਦੇਣਗੇ। ਦੇਸ਼ ਦਾ ਆਵਾਮ ਕਿਸੇ ਵੀ ਕੀਮਤ ‘ਤੇ ਇਨ੍ਹਾਂ ਕਾਨੂੰਨਾਂ ਨੂੰ ਬਰਦਾਸ਼ਤ ਨਹੀਂ ਕਰੇਗਾ।






















