ਹਰਪਾਲ ਸਿੰਘ ਚੀਮਾ ਦੀ ਹਾਜ਼ਰੀ ਵਿੱਚ ਹੋਏ ਸ਼ਾਮਲ
ਕਪੂਰਥਲਾ, 17 ਜਨਵਰੀ 2021 (ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਲਈ ਕੀਤੇ ਜਾ ਰਹੇ ਕੰਮਾਂ ਸਦਕੇ ਪਾਰਟੀ ਦਾ ਕਾਫਲਾ ਦਿਨੋਂ ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਅੱਜ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਹਾਜ਼ਰੀ ਵਿੱਚ ਭਾਜਪਾ ਦੇ ਕਈਆਂ ਆਗੂ ‘ਆਪ’ ਵਿਚ ਸ਼ਾਮਲ ਹੋ ਗਏ। ਕਪੂਰਥਲਾ ਦੇ ਭਾਜਪਾ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਅੰਨਦਾਤਾ ਉੱਤੇ ਕੀਤੇ ਜਾ ਰਹੇ ਅੱਤਿਆਚਾਰ ਦਾ ਵਿਰੋਧ ਕਰਦੇ ਹੋਏ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ। ਦੂਜੇ ਪਾਸੇ ਦਿੱਲੀ ਦੀ ਕੇਜਰੀਵਾਲ ਸਰਕਾਰ ਅਤੇ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਲਈ ਇਕ ਸੇਵਾਦਾਰ ਵਜੋਂ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋਕੇ ‘ਆਪ’ ਵਿਚ ਸ਼ਾਮਲ ਹੋ ਗਏ।
ਕਪੂਰਥਲਾ ਜ਼ਿਲੇ ਦੇ ਘੱਟ ਗਿਣਤੀ ਮੋਰਚਾ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ, ਜ਼ਿਲਾ ਪ੍ਰਧਾਨ ਰਵੀ ਸਿੱਧੂ, ਜਨਰਲ ਸਕੱਤਰ ਗੌਰਵ ਖੰਨਾ, ਜ਼ਿਲਾ ਮੀਤ ਪ੍ਰਧਾਨ ਗੋਬਿੰਦ ਸਿੰਘ, ਮੰਡਲ ਬਲਾਕ ਪ੍ਰਧਾਨ ਸੰਨੀ, ਜ਼ਿਲਾ ਮੀਤ ਪ੍ਰਧਾਨ ਮੋਹਿੰਦਰ ਸਿੰਘ, ਮੰਡਲ ਸਕੱਤਰ ਭਾਜਪਾ ਪੰਜਾਬ ਜਸਪ੍ਰੀਤ ਸਿੰਘ, ਜ਼ਿਲਾ ਮੀਤ ਪ੍ਰਧਾਨ ਕੁਲਦੀਪ ਸਿੰਘ, ਬਲਾਕ ਮੀਤ ਪ੍ਰਧਾਨ ਰਮਨਦੀਪ ਸਿੰਘ ਨੇ ਭਾਜਪਾ ਨਾਲੋਂ ਨਾਤਾ ਤੋੜਦੇ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਜ਼ਿਲਾ ਹੁਸ਼ਿਆਰਪੁਰ ਦੇ ਦਸੂਹਾ ਤੋਂ ਸਮਾਜ ਸੇਵੀ ਤੇ ਸਾਬਕਾ ਹੌਲਦਾਰ ਦਵਿੰਦਰਪਾਲ ਸਿੰਘ, ਕਾਂਗਰਸ ਦੇ ਮੈਂਬਰ ਹਰਮੇਸ਼ ਕੁਮਾਰ, ਸਮਾਜ ਸੇਵੀ ਤੇ ਕਾਂਗਰਸ ਮੈਂਬਰ ਸੁਭਾਸ ਤਰੀਖਾ, ਬਸਪਾ ਮੈਂਬਰ ਤੇ ਸਮਾਜ ਸੇਵੀ ਹਰਪ੍ਰੀਤ ਸਿੰਘ, ਬਸਪਾ ਮੈਂਬਰ ਸਤਨਾਮ ਸਿੰਘ, ਸਮਾਜ ਸੇਵੀ ਰਜਿੰਦਰ ਸਿੰਘ ਅਤੇ ਅੰਮਿ੍ਰਤਸਰ ਜ਼ਿਲੇ ਦੇ ਮਜੀਠਾ ਤੋਂ ਰੰਗਰੈਂਟਾ ਦਲ ਦੇ ਚੇਅਰਮੈਨ ਬਲਜੀਤ ਸਿੰਘ ਨੇ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਪਾਰਟੀ ਵਿੱਚ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਅੱਜ ਜਦੋਂ ਕਿਸਾਨਾਂ ਉੱਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਅੱਤਿਆਚਾਰ ਕੀਤਾ ਜਾ ਰਿਹਾ ਹੈ, ਕਿਸਾਨਾਂ ਦੇ ਅੰਦੋਲਨ ਨੂੰ ਕੁਚਲਣ ਦੇ ਲਈ ਕੂੜਪ੍ਰਚਾਰ ਕਰਦੇ ਹੋਏ ਝੂਠੀ ਦੁਸ਼ਣਬਾਜ਼ੀ ਕੀਤੀ ਜਾ ਰਹੀ ਹੈ। ਉਸ ਸਮੇਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨਾਂ ਦੀ ਸਰਕਾਰ ਸਮੇਤ ਸਾਰੀ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਖੜੀ ਹੋਈ ਹੈ। ਇਕ ਸੇਵਾਦਾਰ ਵਜੋਂ ਕਿਸਾਨਾਂ ਲਈ ਕੰਮ ਕਰ ਰਹੀ ਹੈ। ਉਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨਾਂ ਕਿਹਾ ਕਿ ਪਾਰਟੀ ਵੱਲੋਂ ਜੋ ਵੀ ਜ਼ਿੰਮੇਵਾਰੀ ਦਿੱਤੀ ਜਾਵੇਗੀ, ਉਸਨੂੰ ਤਨਦੇਹੀ ਨਾਲ ਨਿਭਾਉਂਦੇ ਹੋਏ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਕੰਮ ਕੀਤਾ ਜਾਵੇਗਾ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਨਾਂ ਦੇ ‘ਆਪ’ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨਾਂ ਕਿਹਾ ਕਿ ਲਗਾਤਾਰ ਪਾਰਟੀ ਦਾ ਵਧਦਾ ਕਾਫਲਾ ਪਾਰਟੀ ਵੱਲੋਂ ਲੋਕਾਂ ਲਈ ਕੀਤੇ ਜਾ ਰਹੇ ਕੰਮਾਂ ਉੱਤੇ ਮੋਹਰ ਲਗਾਉਂਦਾ ਹੈ।