ਕੋਵਿਡ ਦੇ ਨਾਲ-ਨਾਲ ਬਰਡ ਫਲੂ ਦਾ ਖਤਰਾ ਵੀ ਮੰਡਰਾਇਆ
ਦੇਸ਼ ਦੇ 6ਰਾਜਾਂ ਵਿੱਚ ਬਰਡ ਫਲੂ ਦੀ ਹੋਈ ਪੁਸ਼ਟੀ-ਫੈਲੀ ਦਹਿਸ਼ਤ
ਪੰਜਾਬ ਵਿੱਚ ਵੀ ਪੰਛੀਆਂ ਦੇ ਮ੍ਰਿਤਕ ਪਾਏ ਜਾਣ ਤੇ ਮੱਚਿਆ ਹੜਕੰਪ
ਪੰਜਾਬ ਸਰਕਾਰ ਨੇ ਪੰਜਾਬ ਕੰਟਰੋਲਡ ਏਰਿਆ ਐਲਾਨ ਕਰਕੇ ਬਿਨ੍ਹਾਂ ਪ੍ਰੋਸੈਸ ਕੀਤੇ ਮੀਟ ਉਤਪਾਦਾਂ ਦੇ ਆਮਦ ਉਤੇ ਲਗਾਈ ਰੋਕ
ਹਰਿਆਣਾ ਦੇ ਬਰਵਾਲਾ ਇਲਾਕੇ ਵਿੱਚ ਲੱਖਾਂ ਦੇ ਕਰੀਬ ਮੁਰਗੇ-ਮੁਰਗੀਆਂ ਮਾਰਨ ਦੇ ਹੁਕਮ ਜਾਰੀ
ਅਫਵਾਹਾਂ ਫੈਲਣ ਕਾਰਨ ਪੰਜਾਬ ਵਿੱਚ ਵੀ ਮੀਟ ਅਤੇ ਆਂਡਿਆਂ ਦੇ ਭਾਅ ਵਿੱਚ ਭਾਰੀ ਕਮੀ

ਚੰਡੀਗੜ੍ਹ,9ਜਨਵਰੀ(ਵਿਸ਼ਵ ਵਾਰਤਾ)- ਕੋਵਿਡ ਮਹਾਮਾਰੀ ਦੇ ਨਾਲ ਨਾਲ ਹੁਣ ਬਰਡ ਫਲੂ ਦਾ ਖਤਰਾ ਵੀ ਮੰਡਰਾਉਣ ਲੱਗਿਆ ਹੈ। ਦੇਸ਼ ਦੇ ਛੇ ਰਾਜਾਂ ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਕੇਰਲਾ ਵਿੱਚ ਬਰਡ ਫਲੂ ਦੀ ਪੁਸ਼ਟੀ ਹੋਣ ਨਾਲ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਹੁਣ ਤੱਕ ਚਾਰ ਲੱਖ ਦੇ ਕਰੀਬ ਮੁਰਗੇ-ਮੁਰਗੀਆਂ ਨੂੰ ਅਹਿਤਿਆਤ ਵੱਜੋਂ ਮਾਰ ਦਿੱਤਾ ਗਿਆ ਹੈ। ਸਭ ਤੋਂ ਵੱਧ ਜਾਨਵਰ ਹਰਿਆਣਾ ਦੇ ਪੰਚਕੂਲਾ ਨੇੜੇ ਬਰਵਾਲਾ ਇਲਾਕੇ ਵਿੱਚ ਮਾਰੇ ਗਏ ਹਨ। ਜਿਥੇ ਕਿ ਪੋਲਟਰੀ ਫਾਰਮਾਂ ਵਿੱਚ ਬਰਡ ਫਲੂ ਹੋਣ ਦੀ ਪੁਸ਼ਟੀ ਹੋਈ ਹੈ।
ਪੰਜਾਬ ਵਿੱਚ ਵੀ ਗੁਰਦਾਸਪੁਰ ਅਤੇ ਬਰਨਾਲ ਜ਼ਿਲ੍ਹੇ ਵਿੱਚ ਮ੍ਰਿਤਕ ਪੰਛੀ ਮਿਲਣ ਕਰਕੇ ਦਹਿਸ਼ਤ ਦਾ ਮਾਹੌਲ ਹੈ। ਜ਼ਿਲ੍ਹਾ ਬਰਨਾਲਾ ਦੀ ਤਪਾ ਮੰਡੀ ਵਿੱਚ 25 ਤੋਤੇ ਮ੍ਰਿਤਕ ਪਾਏ ਜਾਣ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਪਸ਼ੂ ਪਾਲਣ ਦੇ ਇਕ ਅਧਿਕਾਰੀ ਅਨੁਸਾਰ ਮ੍ਰਿਤਕ ਤੋਤਿਆਂ ਦੇ ਸੈਂਪਲ ਲੈ ਕੇ ਜਲੰਧਰ ਲੈਬੋਟਰੀ ਵਿੱਚ ਜਾਂਚ ਲਈ ਭੇਜ ਦਿੱਤੇ ਗਏ ਹਨ। ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਵਿਭਾਗ ਨੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਸੂਚਨਾ ਅਨੁਸਾਰ ਇਹਨਾਂ ਮ੍ਰਿਤਕ ਤੋਤਿਆਂ ਨੂੰ ਕੁਝ ਕੁੱਤਿਆਂ ਨੇ ਵੀ ਖਾ ਲਿਆ। ਜਿਨ੍ਹਾਂ ਤੋਂ ਬਿਮਾਰੀ ਫੈਲਣ ਦਾ ਡਰ ਹੋ ਸਕਦਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਇਹਨਾਂ ਅਫਵਾਹਾਂ ਦੇ ਫੈਲਣ ਕਾਰਨ ਪੰਜਾਬ ਵਿੱਚ ਵੀ ਚਿਕਨ ਅਤੇ ਆਂਡਿਆਂ ਦੇ ਭਾਅ ਵਿੱਚ ਕਾਫੀ ਕਮੀ ਆ ਗਈ ਹੈ ਤੇ ਲੋਕ ਖਰੀਦਣ ਅਤੇ ਖਾਣ ਤੋਂ ਕੰਨੀ ਕਤਰਾਉਣ ਲੱਗੇ ਹਨ ਪਰ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਪੰਜਾਬ ਵਿੱਚ ਅਜਿਹੀ ਕੋਈ ਗੱਲ ਨਹੀਂ ਹੈ। ਸਰਕਾਰ ਨੇ ਪਹਿਲਾਂ ਹੀ ਪੰਜਾਬ ਵਿੱਚ ਬਾਹਰੋਂ ਆਉਣ ਵਾਲੇ ਮੀਟ ਉਤਪਾਦਾਂ ਅਤੇ ਹੋਰ ਸਮੱਗਰੀ ਤੇ ਪਾਬੰਦੀ ਲਗਾ ਦਿੱਤੀ ਹੈ।






















