ਕਿਸਾਨ ਅੰਦੋਲਨ ਦੀ ਆੜ ਹੇਠ ਬਹਿਬਲ ਕਲਾਂ ਕਾਂਡ ਦੀ ਜਾਂਚ ਕਰ ਰਹੀ ਸਿੱਟ ਤੋਂ ਕੰਵਰ ਵਿਜੈਪ੍ਰਤਾਪ ਨੂੰ ਪਾਸੇ ਕਰਨ ਦੀਆਂ ਖੇਡੀਆਂ ਜਾ ਰਹੀਆਂ ਚਾਲਾਂ : ਭੋਮਾ
ਬਹਿਬਲਕਲਾਂ ਕਾਂਡ ਦੇ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ
ਚੰਡੀਗੜ 5 ਜਨਵਰੀ ( ਵਿਸ਼ਵ ਵਾਰਤਾ )-ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਹੈ ਕਿ ਬਾਦਲ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਬਹਿਬਲ ਕਲਾਂ ਤੇ ਕੋਟਕਪੂਰਾ ਵਿਖੇ ਸ਼ਾਂਤਮਈ ਧਰਨਾ ਦੇ ਰਹੇ ਸਿੱਖਾਂ ਉੱਤੇ ਪੁਲਿਸ ਵਲੋਂ ਗੋਲੀਆਂ ਚਲਾ ਕੇ ਦੋ ਸਿੱਖ ਨੌਜਵਾਨ ਸ਼ਹੀਦ ਕਰ ਦਿੱਤੇ ਗਏ ਸਨ । ਇਸ ਸਾਰੇ ਮਾਮਲੇ ਦੀ ਜਾਂਚ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਕੰਵਰ ਵਿਜੈਪ੍ਰਤਾਪ ਦੀ ਅਗਵਾਈ ਹੇਠ ਇੱਕ ਸਿੱਟ ਬਣਾਈ ਗਈ ਸੀ ਇਸ ਸਿੱਟ ਨੇ ਸਹੀ ਦਿਸ਼ਾ ਵਿੱਚ ਕੰਮ ਕਰ ਕੇ ਅਸਲ ਸਹੀ ਦੋਸ਼ੀਆਂ ਤੱਕ ਜਾਂਚ ਨੂੰ ਸਿਰੇ ਲਾਇਆਂ ਹੋਇਆ ਹੈ । ਇਹ ਸਿੱਟ ਕੋਰਟ ਵਿੱਚ ਚਲਾਨ ਵੀ ਪੇਸ਼ ਕਰ ਚੁੱਕੀ ਹੈ । ਇਸ ਸਹੀ ਜਾਂਚ ਰਿਪੋਰਟ ਨੇ ਹੀ ਹੁਣ ਦੋਸ਼ੀਆਂ ਦੀ ਨੀਂਦ ਹਰਾਮ ਕੀਤੀ ਹੋਈ ਹੈ । ਇਸ ਸਮੇਂ ਜਦੋਂ ਸਾਰੇ ਸੰਸਾਰ ਦਾ ਧਿਆਨ ਕਿਸਾਨ ਸੰਘਰਸ਼ ਤੇ ਕੇਂਦਰਤ ਹੋਇਆਂ ਪਿਆ ਹੈ ਤਾਂ ਇਸ ਕਿਸਾਨ ਸੰਘਰਸ਼ ਦੀ ਆੜ ਵਿੱਚ ਵੱਡੇ ਵੱਡੇ ਮੁੱਖ ਦੋਸ਼ੀ ਆਪਣੀਆਂ ਗਿ੍ਫ਼ਤਾਰੀਆਂ ਤੋਂ ਬਚਣ ਦਾ ਹਰ ਹੀਲਾ ਤੇ ਹਰ ਦਾਅ ਵਰਤ ਕੇ ਪੁਲੀਸ ਅਧਿਕਾਰੀ ਕੰਵਰ ਵਿਜੈਪ੍ਰਤਾਪ ਨੂੰ ਜਾਂਚ ਕਮੇਟੀ ਤੋ ਪਾਸੇ ਕਰਨ ਲਈ ਪੱਬਾਂ ਭਾਰ ਹੋਏ ਫਿਰਦੇ ਹਨ । ਉਹਨਾਂ ਕਿਹਾ ਹਾਈਕੋਰਟ ਵਿੱਚ ਵੀ ਰਾਜਨੀਤਕ ਦੋਸ਼ੀਆਂ ਨੂੰ ਬਚਉਣ ਲਈ ਹਲਫਨਾਮੇ ਦਾਇਰ ਕਰਵਾਏ ਗਏ ਹਨ ਤਾਂ ਜ਼ੋ ਉੱਚ ਪੁਲੀਸ ਅਧਿਕਾਰੀ ਸ੍ਰੀ ਕੁੰਵਰ ਵਿਜੇ ਪ੍ਰਤਾਪ ਨੂੰ 2015 ਦੀ ਪੁਲੀਸ ਫਾਇਰਿੰਗ ਦੇ ਮਾਮਲਿਆ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ (ਸਿਟ)ਤੋਂ ਪਾਸੇ ਕੀਤਾ ਜਾ ਸਕੇ ।ਸ੍ਰ ਭੋਮਾਂ ਨੇ ਕਿਹਾ ਅਗਰ ਇਨਸਾਫ਼ ਦਾ ਸ਼ੀਸ਼ਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਹਨਾਂ ਕੇਸਾਂ ਦੀ ਜਾਂਚ ਤੋਂ ਇਸ ਪੀਕ ਸਟੇਜ ਤੇ ਪਰੇ ਕੀਤਾ ਜਾਂਦਾ ਹੈ ਤਾਂ ਇਹ ਇਨਸਾਫ ਦਾ ਦਿਨ ਦਿਹਾੜੇ ਕਤਲ ਹੋਵੇਗਾ ਤੇ ਪੰਥ ਤੇ ਪੰਜਾਬ ਨਾਲ਼ ਵੱਡੀ ਗ਼ਦਾਰੀ ਹੋਵੇਗੀ ।
ਅਕਾਲੀ ਆਗੂ ਭੋਮਾ ਨੇ ਕਿਹਾ ਸ੍ਰੁ ਕੰਵਰ ਵਿਜੈਪ੍ਰਤਾਪ ਨੂੰ ਸਿੱਟ ਤੋਂ ਪਾਸੇ ਕਰਨ ਦੇ ਯਤਨ ਤੇਜ਼ ਕਰ ਦਿੱਤੇ ਗਏ ਹਨ।
ਉਹਨਾ ਕਿਹਾ ਸ਼੍ਰੌਮਣੀ ਅਕਾਲੀ ਦਲ (ਡੀ) ਇਸ ਚਾਲ ਨੂੰ ਪੰਜਾਬੀਆਂ ਦੀ ਕਚਹਿਰੀ ਵਿੱਚ ਲਿਜਾ ਕੇ ਨਾਕਾਮ ਕਰੇਗਾ । ਕਿਸਾਨ ਅੰਦੋਲਨ ਕਾਰਨ ਇਹ ਨਾ ਸਮਝਿਆ ਜਾਵੇ ਕਿ ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਤੇ 328 ਪਾਵਨ ਸਰੂਪਾਂ ਦਾ ਮੁੱਦੇ ਸ਼ਾਇਦ ਠੰਢੇ ਬਸਤੇ ਵਿੱਚ ਪੈ ਗਏ ਹਨ ਸਗੋਂ ਇਹ ਅੱਜ ਵੀ ਪੰਥ ਦੇ ਭਖਦੇ ਮਸਲੇ ਹਨ ।