*ਆਰਮੀ ਭਰਤੀ ਟ੍ਰੇਨਿੰਗ ਕੈਂਪ ਵਿਚ ਨਕਦ ਰਾਸ਼ੀ ਅਤੇ ਕਿੱਟਾਂ ਵੰਡੀਆਂ

ਬਲਾਚੌਰ, 28 ਦਸੰਬਰ (ਵਿਸ਼ਵ ਵਾਰਤਾ)-ਇਲਾਕੇ ਦੇ ਨੌਜਵਾਨਾਂ ਅੰਦਰ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਪ੍ਰਪੱਕ ਕਰਨ ਹਿੱਤ ਅਤੇ ਉਨਾਂ ਨੂੰ ਦੇਸ਼ ਦੀਆਂ ਰੱਖਿਆ ਸੇਵਾਵਾਂ ਵਿਚ ਭਰਤੀ ਹੋਣ ਦੇ ਕਾਬਿਲ ਬਣਾਉਣ ਲਈ ਲਕਸ਼ੈ ਫਾਊਂਡੇਸ਼ਨ ਦੇ ਸਰਪ੍ਰਸਤ ਅਜੈ ਮੰਗੂਪੁਰ ਦੀ ਅਗਵਾਈ ਹੇਠ ਰੱਤੇਵਾਲ (ਬਲਾਚੌਰ) ਵਿਖੇ ਵਿਸ਼ੇਸ਼ ਆਰਮੀ ਭਰਤੀ ਟ੍ਰੇਨਿੰਗ ਕੈਂਪ ਲਗਾਇਆ ਗਿਆ, ਜਿਸ ਵਿਚ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਸ ਦੌਰਾਨ 650 ਨੌਜਵਾਨਾਂ ਨੇ ਆਰਮੀ ਅਫ਼ਸਰਾਂ ਦੀ ਦੇਖ-ਰੇਖ ਹੇਠ ਵੱਖ-ਵੱੱਖ ਟ੍ਰਾਇਲ ਦਿੱਤੇ, ਜਿਨਾਂ ਵਿਚੋਂ 150 ਦੇ ਕਰੀਬ ਨੌਜਵਾਨਾਂ ਨੇ ਲੋੜੀਂਦੇ ਟੈਸਟਾਂ ਨੂੰ ਪਾਸ ਕੀਤਾ। ਇਸ ਮੌਕੇ ਕਾਫੀ ਗਿਣਤੀ ਵਿਚ ਨੌਜਵਾਨਾਂ ਨੂੰ ਨਕਦ ਰਾਸ਼ੀ, ਟਰੈਕ ਸੂਟ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲਿਆਂ ਨੂੰ 5100, 3100 ਅਤੇ 2100 ਰੁਪਏ ਦੀ ਨਕਦ ਰਾਸ਼ੀ ਅਤੇ ਟਰੈਕ ਕਿੱਟਾਂ ਦਿੱਤੀਆਂ ਗਈਆਂ। ਇਸ ਮੌਕੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਆਰਮੀ ਦੇ ਸੁਰੱਖਿਆ ਦਸਤਿਆਂ ਵਿਚ ਸੇਵਾਵਾਂ ਨਿਭਾਉਣ ਵਾਲੇ ਸ਼ਹੀਦ ਨੌਜਵਾਨਾਂ ਦੇ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ। ਉਨਾਂ ਕੈਂਪ ਦੀ ਸਫਲਤਾ ਲਈ ਰੱਤੇਵਾਲ ਨਿਵਾਸੀਆਂ ਅਤੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਵੀ ਦਿੱਤੀ।
ਇਸ ਸਬੰਧੀ ਲਕਸ਼ੈ ਫਾਊਂਡੇਸ਼ਨ ਦੇ ਸਰਪ੍ਰਸਤ ਅਜੈ ਮੰਗੂਪੁਰ ਨੇ ਕਿਹਾ ਕਿ ਇਲਾਕੇ ਦੇ ਨੌਜਵਾਨ ਬਹੁਤ ਮਿਹਨਤੀ ਅਤੇ ਸਰੀਰਕ ਪੱਖੋਂ ਤਕੜੇ ਜੁੱਸਿਆਂ ਵਾਲੇ ਹਨ, ਜਿਸ ਨੂੰ ਦੇਖਦਿਆਂ ਉਨਾਂ ਨੇ ਇਹ ਭਰਤੀ ਕੈਂਪ ਦਾ ਆਯੋਜਨ ਕੀਤਾ ਹੈ। ਉਨਾਂ ਕਿਹਾ ਕਿ ਨੌਜਵਾਨਾਂ ਦਾ ਉਤਸ਼ਾਹ ਵੇਖ ਕੇ ਉਹ ਇਸ ਨੂੰ ਲਗਾਤਾਰ ਜਾਰੀ ਰੱਖਣਗੇ ਅਤੇ ਇਲਾਕੇ ਦੇ ਆਰਮੀ ਅਫ਼ਸਰਾਂ ਦੇ ਸਹਿਯੋਗ ਨਾਲ ਇਸ ’ਤੇ ਵੱਡੀ ਰਕਮ ਖ਼ਰਚਣੇ। ਇਸ ਮੌਕੇ ਉਨਾਂ 4 ਜਨਵਰੀ ਦੀ ਭਰਤੀ ਲਈ ਨੌਜਵਾਨਾਂ ਦੇ ਆਉਣ-ਜਾਣ ਜਾਂ ਕਿਸੇ ਹੋਰ ਜ਼ਰੂਰਤ ਦੀ ਪੂਰਤੀ ਲਈ ਆਪਣੀ ਵਚਨਬੱਧਤਾ ਦੁਹਰਾਈ।
ਇਸ ਮੌਕੇ ਹਾਜ਼ਰ ਨੌਜਵਾਨਾਂ ਦਵਿੰਦਰ, ਬਲਵੀਰ, ਚੰਦਨ, ਨਿਰਮਲ ਅਤੇ ਜਗਤਾਰ ਆਦਿ ਨੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰਾਂ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਹੈ, ਇਸ ਨਾਲ ਉਨਾਂ ਅੰਦਰ ਉਤਸ਼ਾਹ ਅਤੇ ਦੇਸ਼ ਦੀ ਸੇਵਾ ਕਰਨ ਲਈ ਇਕ ਚਿਣਗ ਜਾਗ ਗਈ ਹੈ।






















