“ਦਿੱਲੀ ਮੋਰਚਾ ਹੋਰ ਭਖਾਓ ਮੁਹਿੰਮ” ਤਹਿਤ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਅੱਜ 16000 ਤੋਂ ਵੱਧ ਕਿਸਾਨਾਂ ਦਾ ਕਾਫ਼ਲਾ ਦਿੱਲੀ ਵੱਲ ਰਵਾਨਾ
ਖੜਖੜ ਟੌਲ ਪਲਾਜਾ ਪੱਕੇ ਤੌਰ ‘ਤੇ ਕਰਵਾਇਆ ਬੰਦ

ਮਾਨਸਾ, ਚੰਡੀਗੜ੍ਹ 26 ਦਸੰਬਰ( ਵਿਸ਼ਵ ਵਾਰਤਾ )-ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਵਿੱਢੀ ਗਈ”ਦਿੱਲੀ ਮੋਰਚਾ ਹੋਰ ਭਖਾਓ ਮੁਹਿੰਮ” ਤਹਿਤ ਅੱਜ 454 ਟਰਾਲੀਆਂ, 50 ਬੱਸਾਂ, 60 ਟਰੱਕ/ਟਰਾਲੇ/ਕੈਂਟਰਾਂ ਅਤੇ 400 ਤੋਂ ਵੱਧ ਦਰਮਿਆਨੀਆਂ ਤੇ ਛੋਟੀਆਂ ਗੱਡੀਆਂ ‘ਤੇ ਸਵਾਰ16000 ਤੋਂ ਵੱਧ ਕਿਸਾਨਾਂ ਮਜਦੂਰਾਂ ਔਰਤਾਂ ਨੌਜਵਾਨਾਂ ਦਾ ਕਾਫ਼ਲਾ ਖਨੌਰੀ ਬਾਡਰ ਤੋਂ ਦਿੱਲੀ ਵੱਲ ਰਵਾਨਾ ਹੋਇਆ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਹ ਕਾਫ਼ਲਾ ਖੜਖੜ ਟੌਲ ਪਲਾਜਾ ਬੰਦ ਕਰਕੇ ਉਡੀਕ ਰਹੇ ਸੈਂਕੜੇ ਹਰਿਆਣਵੀ ਕਿਸਾਨਾਂ ਵਿੱਚ ਜਾ ਰਲਿਆ। ਇੱਥੇ ਕੀਤੀ ਗਈ ਸਾਂਝੀ ਰੈਲੀ ਨੂੰ ਹਰਿਆਣਵੀ ਕਿਸਾਨ ਆਗੂਆਂ ਜੋੋੋਗਿੰਦਰ ਛਾਬੜਾ,ਸਤਬੀਰ ਪਹਿਲਵਾਨ ਅਤੇ ਮੇਵਾ ਸਿੰਘ ਤੋਂ ਇਲਾਵਾ ਜਥੇਬੰਦੀ ਵੱਲੋਂ ਜਗਤਾਰ ਸਿੰਘ ਕਾਲਾਝਾੜ,ਕਮਲਜੀਤ ਕੌਰ ਬਰਨਾਲਾ,ਜੋੋੋਗਿੰਦਰ ਸਿੰਘ ਦਿਆਲਪੁਰਾ,ਜਨਕ ਸਿੰਘ ਭੁਟਾਲ,ਬੁੱਕਣ ਸਿੰਘ ਸੱਦੋਵਾਲ, ਅਜੈਬ ਸਿੰਘ ਲੱਖੇਵਾਲ,ਸਰਬਜੀਤ ਮਲੇਰਕੋਟਲਾ ਅਤੇ ਜਗਰੂਪ ਸਿੰਘ (ਨਿਊਜ਼ ਟੂਡੇ) ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਮੋਦੀ ਹਕੂਮਤ ਉੱਤੇ ਕਾਰਪੋਰੇਟਾਂ ਦੀ ਸੇਵਾਦਾਰ ਹੋਣ ਦਾ ਦੋਸ਼ ਲਾਉਂਦਿਆਂ ਕਿਸਾਨਾਂ ਨੂੰ ਤਬਾਹ ਕਰਨ ਵਾਲੇ ਕਾਨੂੰਨ ਮੜ੍ਹਨ ਲਈ ਢੀਠਤਾ ਭਰੀ ਜ਼ਿੱਦ ਫੜੀ ਹੋਈ ਹੈ। ਕਾਰਪੋਰੇਟਾਂ ਦੇ ਵਾਰੇ ਨਿਆਰੇ ਅਤੇ ਕਿਸਾਨਾਂ ਦੀ ਬਰਬਾਦੀ ਕਰਨ ਵਾਲੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕੜਾਕੇ ਦੀ ਠੰਢ ਅਤੇ ਗਹਿਰੀ ਧੁੰਦ ਵਿੱਚ ਵੀ ਦਿੱਲੀ ਦੀਆਂ ਬਰੂਹਾਂ ‘ਤੇ ਲੱਖਾਂ ਦੀ ਤਾਦਾਦ ਵਿੱਚ ਦਿਨੇ ਰਾਤ ਸ਼ਾਂਤਮਈ ਮੋਰਚੇ ‘ਚ ਮਹੀਨੇ ਭਰ ਤੋਂ ਡਟੇ ਹੋਏ ਮਰਦ, ਔਰਤਾਂ,ਨੌਜਵਾਨ ਤੇ ਬੱਚੇ ਬੁੱਢੇ ਕਿਸਾਨਾਂ ਮਜਦੂਰਾਂ ਤੇ ਹਜ਼ਾਰਾਂ ਹਮਾਇਤੀ ਲੋਕਾਂ ਦੀ ਹੱਕੀ ਆਵਾਜ਼ ਨੂੰ ਅਣਸੁਣੀ ਕੀਤਾ ਜਾ ਰਿਹਾ ਹੈ। ਇਸ ਜ਼ਾਲਮ ਵਤੀਰੇ ਨਾਲ ਦਰਜਨਾਂ ਲੋਕਾਂ ਦੀ ਬਲੀ ਲਈ ਜਾ ਚੁੱਕੀ ਹੈ। ਸਰਕਾਰੀ ਕੂੜ ਪ੍ਰਚਾਰ ਦਾ ਪਰਦਾਫਾਸ਼ ਕਰਦਾ ਅਤੇ ਕਿਸਾਨਾਂ ਦਾ ਹੱਕੀ ਪੱਖ ਪੇਸ਼ ਕਰਦਾ ਹਿੰਦੀ ਵਿੱਚ 50000 ਦੀ ਗਿਣਤੀ ‘ਚ ਛਾਪਿਆ ਹੱਥ ਪਰਚਾ ਅੱਜ ਦੀ ਰੈਲੀ ਵਿੱਚ ਵੀ ਵੰਡਿਆ ਗਿਆ ਅਤੇ ਬਾਕੀ ਦਾ ਕੱਲ੍ਹ ਵਾਲੇ ਕਾਫ਼ਲੇ ਵੱਲੋਂ ਅਤੇ ਦਿੱਲੀ ਮੋਰਚੇ ਵਿੱਚ ਵੰਡਿਆ ਜਾਵੇਗਾ। ਕਾਲੇ ਖੇਤੀ ਕਾਨੂੰਨਾਂ ਵਿਰੁੱਧ ਪੰਜ ਮਹੀਨੇ ਪਹਿਲਾਂ ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਹਰਿਆਣਾ, ਰਾਜਿਸਥਾਨ ਤੇ ਯੂ ਪੀ ਵਿੱਚ ਦੀ ਹੁੰਦਾ ਹੋਇਆ ਅੱਜ ਪੂਰੇ ਭਾਰਤ ਦੇ ਲੋਕਾਂ ਦਾ ਅੰਦੋਲਨ ਬਣ ਚੁੱਕਿਆ ਹੈ, ਜਿਸ ਦਾ ਚੋਟ ਨਿਸ਼ਾਨਾ ਮੋਦੀ ਹਕੂਮਤ ਦੇ ਬਰਾਬਰ ਹੀ ਅਡਾਨੀ ਅੰਬਾਨੀ ਤੇ ਹੋਰ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੇ ਰੱਤ ਨਿਚੋੜ ਕਾਰੋਬਾਰ ਵੀ ਬਣਾਏ ਗਏ ਹਨ। ਇਕੱਠ ਵੱਲੋਂ ਖੜ੍ਹੇ ਹੋ ਕੇ ਦੋ ਮਿੰਟ ਲਈ ਮੌਨ ਧਾਰ ਕੇ ਕਿਸਾਨ ਮੋਰਚੇ ਦੇ ਸਮੂਹ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕੀਤਾ ਗਿਆ। ਪਾਣੀਆਂ ਵਰਗੇ ਆਪਸੀ ਸਹਿਮਤੀ ਨਾਲ ਹੱਲ ਹੋਣ ਵਰਗੇ ਮੁੱਦੇ ਨੂੰ ਭਾਜਪਾ ਵੱਲੋਂ ਪੰਜਾਬ ਹਰਿਆਣੇ ਦੇ ਕਿਸਾਨਾਂ ‘ਚ ਪਾਟਕ ਪਾਊ ਹਥਿਆਰ ਵਜੋਂ ਵਰਤਣ ਦੇ ਕਮੀਨੇ ਯਤਨਾਂ ਦੀ ਸਖ਼ਤ ਨਿਖੇਧੀ ਕਰਦੇ ਹੋਏ ਇਹਨਾਂ ਯਤਨਾਂ ਨੂੰ ਹਰਿਆਣੇ ਦੇ ਕਿਸਾਨਾਂ ਵੱਲੋਂ ਦੋ ਟੁਕ ਰੱਦ ਕਰਨ ਦੀ ਬੁਲਾਰਿਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। “ਅਮਰ ਸ਼ਹੀਦਾਂ ਦਾ ਪੈਗ਼ਾਮ, ਜਾਰੀ ਰੱਖਣਾ ਹੈ ਸੰਗਰਾਮ” “ਸ਼ਹੀਦੋ ਥੋਡਾ ਕਾਜ ਅਧੂਰਾ,ਲਾ ਕੇ ਜਿੰਦਗੀਆਂ ਕਰਾਂਗੇ ਪੂਰਾ” ਦੇ ਬੁਲੰਦ ਨਾਅਰਿਆਂ ਨਾਲ ਸ਼ਹੀਦਾਂ ਦੀ ਇਸ ਕੁਰਬਾਨੀ ਨੂੰ ਅਜਾਈਂ ਨਾ ਜਾਣ ਦੇਣ ਦਾ ਅਹਿਦ ਕੀਤਾ ਗਿਆ ਤੇ ਮੁਕੰਮਲ ਜਿੱਤ ਤਕ ਸੰਘਰਸ਼ ਜਾਰੀ ਰੱਖਣ ਦਾ ਅੈਲਾਨ ਕੀਤਾ ਗਿਆ। ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦਾਅਵਾ ਕੀਤਾ ਕਿ ਮੌਜੂਦਾ ਬੇਮਿਸਾਲ ਤੇ ਇਕਜੁੱਟ ਕਿਸਾਨ ਸੰਘਰਸ਼ ਨੂੰ ਹਰਿਆਣੇ ਸਮੇਤ ਦੇਸ਼ ਵਿਦੇਸ਼ ‘ਚੋਂ ਹਰ ਵਰਗ ਦੇ ਕਿਰਤੀਆਂ, ਬੁੱਧੀਜੀਵੀਆਂ, ਛੋਟੇ ਕਾਰੋਬਾਰੀਆਂ ਅਤੇ ਕਲਾਕਾਰਾਂ ਵੱਲੋਂ ਮਿਲ ਰਹੀ ਹਰ ਤਰ੍ਹਾਂ ਦੀ ਜ਼ੋਰਦਾਰ ਹਮਾਇਤ ਨਾਲ ਮੋਦੀ ਹਕੂਮਤ ਦੀਆਂ ਜ਼ਾਤਪਾਤੀ ਤੇ ਫਿਰਕੂ ਪਾਟਕ- ਪਾਊ ਚਾਲਾਂ ਅਤੇ ਘੋਲ ਬਾਰੇ ਝੂਠਾ ਪ੍ਰਚਾਰ ਕਰਨ ਦੀਆਂ ਸਭ ਸਿਆਸੀ ਚਾਲਾਂ ਲਗਾਤਾਰ ਕੁੱਟੀਆਂ ਜਾ ਰਹੀਆਂ ਹਨ। ਬੁਲਾਰਿਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਕਾਨੂੰਨਾਂ ‘ਚ ਸਰਕਾਰ ਵੱਲੋਂ ਤਜਵੀਜ਼ਤ ਸੋਧਾਂ ਨੂੰ ਰੱਦ ਕਰਨ ਦਾ ਅਰਥ ਫ਼ਸਲਾਂ ਦੇ ਮੰਡੀਕਰਨ ਚ ਕਾਰਪੋਰੇਟਾਂ ਦੇ ਦਾਖ਼ਲੇ ਨੂੰ ਰੋਕਣ ਦੀ ਸਹੀ ਪਹੁੰਚ ਹੈ। ਇਨ੍ਹਾਂ ਸੋਧਾਂ ਨੂੰ ਮੰਨਣ ਨਾਲ ਫ਼ਸਲਾਂ ਦੇ ਮੰਡੀਕਰਨ ਚ ਕਾਰਪੋਰੇਟਾਂ ਦਾ ਦਾਖਲਾ ਖੁੱਲ੍ਹਾ ਹੀ ਰਹਿੰਦਾ ਹੈ। ਇਹ ਦਾਖਲਾ ਬੰਦ ਕਰਨ ਲਈ ਕਾਨੂੰਨ ਰੱਦ ਕਰਨੇ ਹੀ ਬਣਦੇ ਹਨ ਅਤੇ ਇਸ ਮੰਜ਼ਿਲ ਦੀ ਪ੍ਰਾਪਤੀ ਤੱਕ ਸੰਘਰਸ਼ ਆਏ ਦਿਨ ਬੁਲੰਦੀਆਂ ਵੱਲ ਵਧਦਾ ਹੀ ਰਹੇਗਾ। ਉਹਨਾਂ ਨੇ ਐਲਾਨ ਕੀਤਾ ਕਿ ਇੱਥੇ ਦਾ ਟੌਲ ਪਲਾਜ਼ਾ ਪੰਜਾਬ ਹਰਿਆਣੇ ਦੇ ਕਿਸਾਨਾਂ ਦੀ ਇਕਜੁੱਟ ਤਾਕਤ ਨਾਲ ਪੱਕੇ ਤੌਰ ਤੇ ਬੰਦ ਰੱਖਿਆ ਜਾਵੇਗਾ। ਕੱਲ੍ਹ ਨੂੰ ਡੱਬਵਾਲੀ ਤੋਂ ਤੁਰਨ ਵਾਲੇ ਕਾਫ਼ਲੇ ਵੱਲੋਂ ਵੀ ਫਤਿਹਾਬਾਦ ਰਾਤ ਠਹਿਰਨ ਵੇਲੇ ਸ਼ਾਮੀਂ ਹਰਿਆਣਵੀ ਕਿਸਾਨਾਂ ਨਾਲ ਸਾਂਝੀ ਰੈਲੀ ਕੀਤੀ ਜਾਵੇਗੀ ਅਤੇ ਅਗਲੇ ਦਿਨ ਦਿੱਲੀ ਵੱਲ ਕੂਚ ਕੀਤਾ ਜਾਵੇਗਾ। ਖਬਰ ਲਿਖੇ ਜਾਣ ਤੱਕ 100 ਤੋਂ ਵੱਧ ਟਰਾਲੀਆਂ ਤੇ ਹੋਰ ਵਹੀਕਲਾਂ ‘ਚ ਸਵਾਰ ਕਿਸਾਨ ਰਸਤੇ ਵਿੱਚ ਪਿੱਛੇ ਆ ਰਹੇ ਸਨ।






















