ਜ਼ਿਲ੍ਹਾ ਕਲਚਰਲ ਅਤੇ ਲਿਟਰੇਰੀ ਸੁਸਾਇਟੀ ਨੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੀਤਾ ਯਾਦ

ਜਲੰਧਰ, 26 ਦਸੰਬਰ ( ਵਿਸ਼ਵ ਵਾਰਤਾ )-ਜ਼ਿਲ੍ਹਾ ਕਲਚਰਲ ਅਤੇ ਲਿਟਰੇਰੀ ਸੁਸਾਇਟੀ ਵੱਲੋਂ ਸ਼ਨੀਵਾਰ ਨੂੰ ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਵਿਰਸਾ ਵਿਹਾਰ ਵਿਖੇ ਇਕ ਸਮਾਗਮ ਕਰਵਾਇਆ ਗਿਆ ।
ਵਧੇਰੇ ਜਾਣਕਾਰੀ ਦਿੰਦਿਆਂ ਜੀਓਜੀ ਜਲੰਧਰ ਦੇ ਮੁਖੀ ਮੇਜਰ ਜਨਰਲ (ਸੇਵਾਮੁਕਤ) ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ ਚਾਰ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਬਾਰੇ ਜਾਗਰੂਕ ਕਰਨ ਲਈ ਕਰਵਾਇਆ ਗਿਆ, ਜਿਨ੍ਹਾਂ ਨਿਆਂ ਅਤੇ ਧਰਮ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ।
ਉਨ੍ਹਾਂ ਕਿਹਾ ਕਿ ਛੋਟੀ ਉਮਰ ਵਿੱਚ ਚਾਰ ਸਾਹਿਬਜ਼ਾਦਿਆਂ ਵੱਲੋਂ ਕੀਤੀਆਂ ਕੁਰਬਾਨੀਆਂ ਸਾਨੂੰ ਜ਼ਾਲਮਾਂ ਵਿਰੁੱਧ ਲੜਨ ਅਤੇ ਸਰਵ ਸ਼ਕਤੀਮਾਨ ਵਿੱਚ ਵਿਸ਼ਵਾਸ ਰੱਖਣ ਦੀ ਤਾਕਤ ਦਿੰਦੀਆਂ ਹਨ ਅਤੇ ਸਦੀਆਂ ਤੱਕ ਸਾਨੂੰ ਸਾਰਿਆਂ ਨੂੰ ਸੇਧ ਦਿੰਦੀਆਂ ਰਹਿਣਗੀਆਂ।
ਬਲਵਿੰਦਰ ਸਿੰਘ, ਜੋ ਕਿ ਸੁਸਾਇਟੀ ਦੇ ਕਾਰਜਕਾਰੀ ਮੈਂਬਰ ਵੀ ਹਨ, ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਬਹੁਤੇ ਭਾਰਤੀ ਬਲਿਦਾਨ ਦੀ ਮਹੱਤਤਾ ਨੂੰ ਭੁੱਲ ਗਏ ਹਨ ਅਤੇ ਇਨ੍ਹਾਂ ਘਟਨਾਵਾਂ ਨੂੰ ਹੁਣ ਪੰਜਾਬ ਤੋਂ ਇਲਾਵਾ ਹੋਰ ਸਕੂਲਾਂ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਸਥਾਨ ਨਹੀਂ ਮਿਲਿਆ। ਇਸ ਮੌਕੇ ਸੈਕਟਰੀ ਵਿਰਸਾ ਵਿਹਾਰ ਕੈਪਟਨ ਆਈ ਐਸ ਧਾਮੀ ਅਤੇ ਹੋਰ ਵੀ ਮੌਜੂਦ ਸਨ।






















