ਪੰਜਾਬ ਤੋਂ ਦਿੱਲੀ ਵੱਲ ਕਿਸਾਨਾਂ ਦਾ ਕੂਚ ਲਗਾਤਾਰ ਜਾਰੀ
ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਹੋਰ ਕਾਫਲੇ ਹੋਏ ਦਿੱਲੀ ਨੂੰ ਰਵਾਨਾ
ਕਿਸਾਨ ਅੰਦੋਲਨ ਹੁਣ ਬਣਿਆ ਜਨ ਅੰਦੋਲਨ
ਕੜਾਕੇ ਦੀ ਠੰਢ ਦੇ ਬਾਵਜੂਦ ਅੰਦੋਲਨਕਾਰੀਆਂ ਦੇ ਜੋਸ਼ ਵਿੱਚ ਹੋ ਰਿਹਾ ਦਿਨੋ-ਦਿਨ ਵਾਧਾ
ਔਰਤਾਂ ਵੀ ਪੂਰੇ ਜੋਸ਼-ਖਰੋਸ਼ ਨਾਲ ਲੈ ਰਹੀਆਂ ਹਨ ਹਿੱਸਾ


ਚੰਡੀਗੜ੍ਹ, 26ਦਸੰਬਰ(ਵਿਸ਼ਵ ਵਾਰਤਾ)- ਕੇਂਦਰ ਸਰਕਾਰ ਦੁਆਰਾ ਲਾਗੂ ਕੀਤੇ ਤਿੰਨ ਨਵੇਂ ਖੇਤੀ ਕਾਨੂੰਨਾਂ ਦਾ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ। ਦਿੱਲੀ ਵਿੱਚ ਚੱਲ ਰਹੇ ਇਸ ਕਿਸਾਨ ਅੰਦੋਲਨ ਦਾ ਅੱਜ 31 ਵਾਂ ਦਿਨ ਹੈ, ਪਰ ਕਿਸਾਨਾਂ ਦਾ ਪੰਜਾਬ ਤੋਂ ਦਿੱਲੀ ਵੱਲ ਕੂਚ ਲਗਾਤਾਰ ਜਾਰੀ ਹੈ। ਕਿਸਾਨ ਇਸ ਇਤਿਹਾਸਕ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਵੱਡੇ ਕਾਫਲਿਆਂ ਵਿੱਚ ਦਿੱਲੀ ਨੂੰ ਕੂਚ ਕਰ ਰਹੇ ਹਨ।
ਅੱਜ ਵੀ ਪੰਜਾਬ-ਹਰਿਆਣਾ ਸੂਬਿਆਂ ਦੀ ਸਰਹੱਦ ਖਨੌਰੀ ਬਾਰਡਰ ਰਾਹੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸੈਂਕੜਿਆਂ ਦੀ ਗਿਣਤੀ ਵਿੱਚ ਟਰੈਕਟਰ –ਟਰਾਲੀਆਂ ਤੇ ਹਜ਼ਾਰਾਂ ਕਿਸਾਨਾਂ ਦਾ ਕਾਫਲਾ ਦਿੱਲੀ ਨੂੰ ਰਵਾਨਾ ਹੋਇਆ ਹੈ। ਹੁਣ ਇਹ ਇਤਿਹਾਸਕ ਕਿਸਾਨ ਅੰਦੋਲਨ , ਜਨ-ਅੰਦੋਲਨ ਬਣ ਚੁੱਕਾ ਹੈ। ਸਰਦੀ ਦੇ ਇਸ ਮੌਸਮ ਵਿੱਚ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨ ਅੰਦੋਲਨਕਾਰੀਆਂ ਦਾ ਜੋਸ਼ ਦਿਨੋ- ਦਿਨ ਵੱਧਦਾ ਜਾ ਰਿਹਾ ਹੈ। ਉਹ ਲਗਾਤਾਰ ਵਿਰੋਧ ਪ੍ਰਦਰਸ਼ਨ ਲਈ ਦਿੱਲੀ ਸਿੰਘੂ ਬਾਰਡਰ ਤੇ ਡਟੇ ਹੋਏ ਹਨ। ਔਰਤਾਂ ਤੇ ਬੱਚੇ ਵੀ ਇਸ ਅੰਦੋਲਨ ਵਿੱਚ ਵੱਡੀ ਪੱਧਰ ਦੇ ਸ਼ਮੂਲੀਅਤ ਕਰ ਰਹੇ ਹਨ। ਅੰਦੋਲਨਕਾਰੀਆਂ ਦੀ ਮੱਦਦ ਲਈ ਵੀ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਲੋਕ ਦਿਲ ਖੋਲ ਕੇ ਅੱਗੇ ਆ ਰਹੇ ਹਨ।





















