ਖਰੜ ਵਿੱਚ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ

ਮੋਹਾਲੀ,26 ਦਸੰਬਰ-(ਸਤੀਸ਼ ਕੁਮਾਰ ਪੱਪੀ)- ਭਾਜਪਾ ਦੇ ਆਗੂਆਂ ਅਤੇ ਵਰਕਰਾਂ ਵਲੋਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ ਦਿਨ ਮਨਾਉਣ ਲਈ ਖਰੜ ਵਿੱਚ ਪੈਂਦੇ ਪਿੰਡ ਦੇਸੂਮਾਜਰਾ ਵਿੱਚ ਸਥਿਤ ਭਾਜਪਾ ਮੰਡਲ ਖਰੜ ਦੇ ਦਫਤਰ ਵਿੱਚ ਮੀਟਿੰਗ ਕੀਤੀ ਗਈ, ਜਿਸ ਦਾ ਪਿੰਡ ਦੇ ਲੋਕਾਂ ਨੇ ਵਿਰੋਧ ਕਰਦੇ ਹੋਏ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਭਾਜਪਾ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ । ਸਦਰ ਪੁਲਿਸ ਖਰੜ ਵੱਲੋਂ ਭਾਜਪਾ ਦੇ ਦਫਤਰ ਦੇ ਬਾਹਰ ਅਤੇ ਆਲੇ-ਦੁਆਲੇ ਅਮਨ ਕਾਨੂੰਨ ਕਾਇਮ ਰੱਖਣ ਲਈ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ । ਪਿੰਡ ਦੇਸੂਮਾਜਰਾ ਦੇ ਨਿਵਾਸੀ ਕੁਲਵੰਤ ਸਿੰਘ, ਗਿਆਨੀ ਅਮਰਜੀਤ ਸਿੰਘ, ਸਵਰਨ ਸਿੰਘ ਸਮੇਤ ਹੋਰਨਾਂ ਨੇ ਕਿਹਾ ਕਿ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਪਰ ਭਾਜਪਾ ਵਾਲੇ ਮਰਹੂਮ ਦੇਸ਼ ਪ੍ਰਧਾਨ ਮੰਤਰੀ ਅਟਵ ਬਿਹਾਰੀ ਵਾਜਪਾਈ ਦਾ ਜਨਮ ਦਿਨ ਮਨਾਉਣ ਲਈ ਕੇਕ ਕੱਟ ਰਹੇ ਹਨ ਅਤੇ ਮੀਟਿੰਗ ਕਰ ਰਹੇ ਹਨ ਜਦ ਕਿ ਦੇਸ਼ ਦਾ ਕਿਸਾਨ ਖੇਤੀਬਾੜੀ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਦਿੱਲੀ ਦੇ ਬਾਰਡਰਾਂ ਨੇ ਧਰਨੇ ਤੇ ਬੈਠਾ ਹੈ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਜਦੋਂ ਤੱਕ ਸਰਕਾਰ ਇਹ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤੱਕ ਭਾਜਪਾ ਦਾ ਵਿਰੋਧ ਕੀਤਾ ਜਾਵੇਗਾ ਅਤੇ ਖਰੜ ਸ਼ਹਿਰ ਵਿੱਚ ਕੋਈ ਵੀ ਮੀਟਿੰਗ ਨਹੀਂ ਹੋਣ ਦਿੱਤੀ ਜਾਵੇਗੀ। ਪਿੰਡ ਦੇਸੂਮਾਜਰਾ ਦੇ ਕਿਸਾਨ , ਨੌਜਵਾਨ, ਮਹਿਲਾਵਾਂ ਵੀ ਭਾਰੀ ਗਿਣਤੀ ਵਿੱਚ ਮੌਜੂਦ ਸਨ ਜਿਹਨਾਂ ਨੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ ।ਮੀਟਿੰਗ ਖਤਮ ਕਰਕੇ ਜਦ ਭਾਜਪਾ ਦੇ ਆਗੂ ਵਨੀਤ ਜੋਸ਼ੀ ਅਤੇ ਹੋਰ ਸਮਰਥਕ ਦਫਤਰ ਤੋਂ ਬਾਹਰ ਆਏ ਤਾਂ ਉਥੇ ਮੌਜੂਦ ਲੋਕਾਂ ਨੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਾਲੀਆਂ ਝੰਡੀਆਂ ਲੈ ਕੇ ਭਾਜਪਾ ਦਾ ਵਿਰੋਧ ਕੀਤਾ ।ਇਸ ਮੌਕੇ ਡੀ.ਐਸ.ਪੀ ਪਾਲ ਸਿੰਘ ਅਤੇ ਥਾਣਾ ਸਦਰ ਖਰੜ ਦੇ ਐਸ.ਐਚ.ਓ ਇੰਸਪੈਕਟਰ ਅਜੀਤਪਾਲ ਸਿੰਘ ਦੇ ਦੱਸਿਆ ਕਿ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ।






















