*ਸੀ ਪੀ ਐਫ ਕਰਮਚਾਰੀ ਯੂਨੀਅਨ ਦੇ ਸੈਂਕੜੇ ਮੁਲਾਜ਼ਮਾਂ ਦਾ ਕਾਫਲਾ ਕਿਸਾਨਾਂ ਦੇ ਸਮਰਥਨ ‘ਚ ਦਿੱਲੀ ਰਵਾਨਾ*
– ਪੂਰਾ ਮੁਲਾਜ਼ਮਾ ਵਰਗ ਪ੍ਰਾਈਵੇਟਕਰਨ ਤੇ ਕਾਲੇ ਕਾਨੂੰਨਾਂ ਦੇ ਖਿਲਾਫ: ਸੁਖਜੀਤ ਸਿੰਘ

ਪਟਿਆਲਾ, 22 ਦਸੰਬਰ( ਵਿਸ਼ਵ ਵਾਰਤਾ)- ਪੀ ਐਫ ਕਰਮਚਾਰੀ ਯੂਨੀਅਨ ਦੇ ਸੈਂਕੜੇ ਮੁਲਾਜ਼ਮਾਂ ਦਾ ਕਾਫਲਾ ਕਿਸਾਨਾਂ ਨੂੰ ਸਮਰਥਨ ਦੇਣ ਲਈ ਪੰਜਾਬ ਪ੍ਰਧਾਨ ਸੁਖਜੀਤ ਸਿੰਘ ਦੀ ਅਗਵਾਈ ਵਿੱਚ ਦਿੱਲੀ ਰਵਾਨਾ ਹੋਇਆ। ਇਸ ਮੌਕੇ ਸੁਖਜੀਤ ਸਿੰਘ ਨੇ ਸੈਂਕੜੇ ਮੁਲਾਜ਼ਮ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੂਰਾ ਮੁਲਾਜ਼ਮ ਵਰਗ ਨਿੱਜੀਕਰਨ ਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ ਹੈ ਅਤੇ ਡੱਟ ਕੇ ਕਿਸਾਨਾਂ ਦਾ ਸਮਰਥਨ ਕਰਦਾ ਹੈ। ਸੁਖਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਤਰਾਂ ਪੰਜਾਬ ਸਰਕਾਰ ਵੀ ਪ੍ਰਾਈਵੇਟਕਰਨ ਨੂੰ ਉਤਸ਼ਾਹਿਤ ਕਰ ਰਹੀ ਹੈ।ਸਾਲ 2004 ਵਿੱਚ ਵਾਜਪਾਈ ਸਰਕਾਰ ਨੇ ਪੁਰਾਣੀ ਪੈਨਸ਼ਨ ਖਤਮ ਕਰਕੇ ਐਨ ਪੀ ਐਸ ਭਾਵ ਨਵੀਂ ਪੈਨਸ਼ਨ ਸਕੀਮ ਲਾਗੂ ਕਰਕੇ ਸਮੂਹ ਮੁਲਾਜ਼ਮ ਵਰਗ ਦਾ ਗਲਾ ਘੁਟਿਆ ਸੀ।ਉਹ ਹਰ ਹੀਲੇ ਪੁਰਾਣੀ ਪੈਨਸ਼ਨ ਲਾਗੂ ਕਰਵਾ ਕੇ ਰਹਿਣਗੇ।
ਉਨ੍ਹਾਂ ਕਿਹਾ ਕਿ ਸੀ. ਪੀ. ਐਫ. ਕਰਮਚਾਰੀ ਯੂਨੀਅਨ ਦੇ ਪੂਰੇ ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ ਦਾ ਵੱਡਾ ਜੱਥਾ ਪੂਰੇ ਲਾਮੋ-ਲਸ਼ਕਰ ਨਾਲ ਕਿਸਾਨਾਂ ਦੀ ਹਮਾਇਤ ਲਈ ਦਿੱਲੀ ਲੱਗੇ ਕਿਸਾਨ ਮੋਰਚਿਆਂ ਵਿਚ ਸ਼ਮੂਲੀਅਤ ਤੇ ਹਮਾਇਤ ਕਰੇਗਾ। ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਅਤੇ ਕਸਬਿਆਂ ਤੋਂ ਪੂਰੇ ਪੰਜਾਬ ਦੇ ਹਜ਼ਾਰਾਂ ਦੀ ਗਿਣਤੀ ਵਿਚ ਮੁਲਾਜ਼ਮ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨਗੇ।
ਇਸ ਮੌਕੇ ਰਣਵੀਰ ਢੰਡਾ, ਰਾਜਵੀਰ ਸ਼ਰਮਾ, ਹਰਵੀਰ ਢੀਂਡਸਾ, ਗੁਰਮੇਲ ਵਿਰਕ, ਮੋਹਨ ਸਿੰਘ, ਗੁਰਮੇਲ ਵਿਰਕ, ਧਰਮਿੰਦਰ ਸਿੰਘ, ਗੁਰਮੇਲ ਸਿੰਘ ਮੁਕਤਸਰ, ਕਰਨ ਜੈਨ, ਜਗਸੀਰ ਸਿੰਘ, ਅਮਿਤ ਕਟੋਚ, ਸੰਦੀਪ ਭਾਵਕ, ਜਸਕਰਨ ਬੂਟਰ, ਪ੍ਰਸ਼ੋਤਮ ਕੁਮਾਰ, ਗੁਰਜੰਟ ਸਿੰਘ, ਭਗਵਾਨ ਸਿੰਘ, ਜਸਪ੍ਰੀਤ ਸਿੰਘ ਮਾਰਕੀਟ ਕਮੇਟੀ, ਧਰਮਿੰਦਰ ਸਿੰਘ ਤੇ ਸਮੂਹ ਜ਼ਿਲਾ ਪ੍ਰਧਾਨ ਵੱਡੀ ਗਿਣਤੀ ਵਿੱਚ ਸਾਥੀਆਂ ਸਮੇਤ ਹਾਜ਼ਰ ਸਨ।






















