ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੁਆਰਾ ਲੋਕ ਭਲਾਈ ਦੇ ਕੰਮ ਵੀ ਜਾਰੀ
ਲੰਗਰ ਦੀ ਸੇਵਾ ਦੇ ਨਾਲ-ਨਾਲ ਖੂਨ ਦਾਨ ਕੈਂਪ ਵੀ ਲੱਗਣ ਲੱਗੇ ਦਿੱਲੀ ਦੀਆਂ ਸਰਹੱਦਾਂ ਤੇ
ਨੌਜਵਾਨਾਂ ਨੇ ਅੱਜ ਖੂਨ ਦਾਨ ਕੈਂਪ ਲਗਾਕੇ ਕੀਤੀ ਸ਼ੁਰੂਆਤ

ਸਿੰਘੂ ਬਾਰਡਰ ਦਿੱਲੀ, 21ਦਸੰਬਰ(ਵਿਸ਼ਵ ਵਾਰਤਾ)-ਕੇਂਦਰੀ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਜਿੱਥੇ ਕੇਂਦਰ ਸਰਕਾਰ ਦੇ ਖਿਲਾਫ ਪਿਛਲੇ 26 ਦਿਨਾਂ ਤੋਂ ਕਿਸਾਨਾਂ ਨੇ ਧਰਨਾ ਦਿੱਤਾ ਹੋਇਆ ਹੈ, ਉਥੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਲੋਕ-ਭਲਾਈ ਦੇ ਕੰਮਾਂ ਦੀ ਵੀ ਕਾਫੀ ਚਰਚਾ ਹੋ ਰਹੀ ਹੈ। ਅੰਦੋਲਨ ਵਿੱਚ ਹਿੱਸਾ ਲੈ ਰਹੇ ਨੌਜਵਾਨਾਂ ਨੇ ਲੋਕ-ਭਲਾਈ ਦੇ ਕੰਮਾਂ ਵਿੱਚ ਹੋਰ ਵਾਧਾ ਕਰਦਿਆਂ ਅੱਜ ਅੰਦੋਲਨ ਵਾਲੀ ਜਗ੍ਹਾ ਤੇ ਹੀ ਖੂਨ ਦਾਨ ਕੈਂਪ ਲਗਾ ਦਿੱਤਾ। ਜਿਸ ਵਿੱਚ ਭਾਰੀ ਗਿਣਤੀ ਵਿੱਚ ਨੌਜਵਾਨਾਂ ਨੇ ਵੱਧ ਚੜ੍ਹ ਕੇ ਆਪਣਾ ਖੂਨ ਦਾਨ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਅੰਦੋਲਨ ਦੌਰਾਨ ਲੋੜਵੰਦਾਂ ਦੀ ਮੱਦਦ ਲਈ ਲਗਾਤਾਰ ਉਹ ਖੂਨ ਦਾਨ ਕਰਦੇ ਰਹਿਣਗੇ। ਇਸ ਤੋਂ ਇਲਾਵਾ ਅੰਦੋਲਨ ਵਾਲੇ ਸਥਾਨਾਂ ਤੇ ਚੱਲ ਰਹੇ ਲੰਗਰ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਕਿਉਂਕਿ ਜਿੱਥੇ ਇਹ ਲੰਗਰ ਅੰਦੋਲਨਕਾਰੀ ਕਿਸਾਨਾਂ ਲਈ ਲਗਾਏ ਗਏ ਹਨ, ਇਹਨਾਂ ਲੰਗਰਾਂ ਵਿੱਚ ਖਾਣੇ ਦੇ ਲੋੜਵੰਦ ਲੋਕ ਵੀ ਲੰਗਰ ਛੱਕਦੇ ਆਮ ਵੇਖੇ ਜਾ ਸਕਦੇ ਹਨ। ਇਸ ਦੇ ਨਾਲ ਹੀ ਮੈਡੀਕਲ ਕੈਂਪ ਵੀ ਲਗਾਏ ਜਾ ਰਹੇ ਹਨ।






















