ਪੰਜਾਬ ਰਾਜ ਦੇ ਪਹਿਲੇ ਵਿੱਤੀ ਸਾਖਰਤਾ, ਕਮਿਊਨਿਟੀ ਰਿਸੋਰਸ ਪਰਸਨ ਟਰੇਨਿੰਗ ਕੋਰਸ ਦੇ ਸਫਲ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ
-ਆਰਸੈਟੀ ਰਾਹੀਂ 60 ਤੋਂ ਵੱਧ ਕੋਰਸਾਂ ‘ਚ ਦਿੱਤੀ ਜਾ ਰਹੀ ਹੈ ਮੁਫ਼ਤ ਸਿਖਲਾਈ : ਵਧੀਕ ਡਿਪਟੀ ਕਮਿਸ਼ਨਰ

ਪਟਿਆਲਾ, 19 ਦਸੰਬਰ (ਵਿਸ਼ਵ ਵਾਰਤਾ)-ਸਟੇਟ ਬੈਂਕ ਆਫ਼ ਇੰਡੀਆ ਦੀ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾਨ (ਆਰਸੈਟੀ) ਪਿੰਡ ਜੱਸੋਵਾਲ ਪੰਜਾਬ ਸਰਕਾਰ ਪੇਂਡੂ ਵਿਕਾਸ ਮੰਤਰਾਲੇ ਦੇ ਵਿੱਤੀ ਸਾਖਰਤਾ ਕਮਿਊਨਿਟੀ ਰਿਸੋਰਸ ਪਰਸਨ ਟਰੇਨਿੰਗ ਕੋਰਸ ਦਾ ਸੰਚਾਲਨ ਕਰਨ ਵਾਲੀ ਪੰਜਾਬ ਦੀ ਪਹਿਲੀ ਆਰਸੈਟੀ ਹੈ। ਅੱਜ ਇਥੇ ਇਕ ਸਮਾਰੋਹ ਦੌਰਾਨ ਟਰੇਨਿੰਗ ਕਰਨ ਵਾਲੀਆਂ ਮਹਿਲਾ ਸਹਾਇਤਾ ਸਮੂਹ ਮੈਂਬਰਾਂ ਨੂੰ ਸਰਟੀਫਿਕੇਟ ਵੰਡੇ ਗਏ। ਜਿਸ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਪੂਜਾ ਸਿਆਲ ਨੇ ਆਰਸੈਟੀ ਪਟਿਆਲਾ ਨੂੰ ਇਸ ਪ੍ਰੋਗਰਾਮ ਨੂੰ ਚਲਾਉਣ ਵਾਲਾ ਪੰਜਾਬ ਦਾ ਇਕਲੌਤਾ ਸਿਖਲਾਈ ਸੰਸਥਾ ਬਣਨ ‘ਤੇ ਖੁਸ਼ੀ ਜ਼ਾਹਰ ਕਰਦਿਆ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਆਰਸੈਟੀ ਵਿਖੇ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਨ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਐਸ.ਬੀ.ਆਈ ਆਰਸੈਟੀ ਪਟਿਆਲਾ ਜਿਲ੍ਹੇ ਦੇ ਪੇਂਡੂ ਬੇਰੁਜ਼ਗਾਰ ਨੌਜਵਾਨਾਂ ਨੂੰ 60 ਤੋਂ ਵੱਧ ਕੋਰਸਾਂ ਵਿੱਚ ਮੁਫਤ ਸਿਖਲਾਈ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਆਰਸੈਟੀ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਯੋਜਨਾ ਵਿੱਚ ਹੁਨਰ ਵਿਕਾਸ ਸਿਖਲਾਈ ਰਾਹੀਂ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ ਅਤੇ ਅੱਜ ਸਿਖਲਾਈ ਪ੍ਰਾਪਤ ਐਫ.ਐਲ.ਸੀ.ਆਰ.ਪੀ ਦੀਆਂ ਮਹਿਲਾਵਾਂ ਪਿੰਡਾਂ ਵਿੱਚ ਵਿੱਤੀ ਸਾਖਰਤਾ ਮੁਹੱਈਆ ਕਰਵਾਉਣਗੀਆਂ।
ਇਸ ਮੌਕੇ ‘ਤੇ ਲੀਡ ਜ਼ਿਲ੍ਹਾ ਮੈਨੇਜਰ ਸ਼੍ਰੀ ਪ੍ਰਿਤਪਾਲ ਸਿੰਘ ਆਨੰਦ, ਜ਼ਿਲ੍ਹਾ ਕਾਰਜਕਾਰੀ ਪ੍ਰਬੰਧਕ (ਐਫਆਈ) ਸ੍ਰੀਮਤੀ ਰਣਦੀਪ ਕੌਰ, ਮੁੱਖ ਪ੍ਰਬੰਧਕ (ਆਰ. ਸੀ. ਸੀ.), ਐਸਬੀਆਈ ਸ੍ਰੀ ਸੁਦਾਮਾ ਪ੍ਰਸ਼ਾਦ ਅਤੇ ਐਸਬੀਆਈ ਦੇ ਆਰਸੈਟੀ ਦੇ ਡਾਇਰੈਕਟਰ ਸ੍ਰੀ ਰਾਜੀਵ ਸਰਹਿੰਦੀ ਸ਼ਾਮਲ ਹਨ।
ਐਸਬੀਆਈ ਆਰਸੈਟੀ ਡਾਇਰੈਕਟਰ ਰਾਜੀਵ ਸਰਹਿੰਦੀ ਨੇ ਦੱਸਿਆ ਕਿ ਸਟੇਟ ਬੈਂਕ ਆਫ ਇੰਡੀਆ ਦੇ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾਨ ਵਿਖੇ ਸਿਖਲਾਈ ਅਗਲੇ ਪੜਾਅ ‘ਤੇ ਲਈ ਗਈ ਹੈ। ਬਹੁਤ ਸਾਰੇ ਨਵੇਂ ਐਨ.ਏ.ਸੀ.ਈ.ਆਰ ਦੁਆਰਾ ਮਨਜ਼ੂਰਸ਼ੁਦਾ ਕੋਰਸ ਸ਼ੁਰੂ ਕੀਤੇ ਗਏ ਹਨ ਜਿਸ ਵਿੱਚ ਪੇਂਡੂ ਵਿਕਾਸ ਮੰਤਰਾਲ ਮਿਸ਼ਨ ”ਇੱਕ ਜੀਪੀ- ਇੱਕ ਬੀਸੀ ਸਖੀ ”, ਮਧੂ ਮੱਖੀ ਕੀਪਿੰਗ, ਜੂਟ ਉਤਪਾਦ ਉਦਮੀ , ਡੇਅਰੀ ਫਾਰਮਿੰਗ ਅਤੇ ਵਰਮੀ ਕੰਪੋਸਟ ਆਦਿ ਸ਼ਾਮਲ ਹਨ ਅਤੇ ਅੱਜ ਤੋਂ ਇਸ ਸੂਚੀ ਵਿੱਚ ਐਫ.ਐਲ.ਸੀ.ਆਰ.ਪੀ. ਸ਼ਾਮਲ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਿਖਲਾਈ ਪ੍ਰੋਗਰਾਮਾਂ ਲਈ ਗੈਸਟ ਫੈਕਲਟੀ ਦਾ ਪ੍ਰਬੰਧ ਵੱਖ-ਵੱਖ ਸਰਕਾਰੀ ਏਜੰਸੀਆਂ ਜਿਵੇਂ ਕਿ ਬਾਗਬਾਨੀ ਵਿਭਾਗ ਪੰਜਾਬ, ਪਸ਼ੂ ਪਾਲਣ ਵਿਭਾਗ, ਰੋਣੀ ਫਾਰਮ ਨਾਭਾ ਰੋਡ, ਵੇਰਕਾ ਮਿਲਕ ਪਲਾਂਟ ਪਟਿਆਲਾ, ਮਹਿਲਾ ਆਈ.ਟੀ.ਆਈ. ਪਟਿਆਲਾ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਸੇਵਾਮੁਕਤ ਅਧਿਕਾਰੀਆਂ ਵੱਲੋਂ ਕੀਤਾ ਜਾ ਰਿਹਾ ਹੈ। ਸਮਾਜ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਅਤੇ ਮੀਡੀਆ ਨਾਲ ਸਹਿਯੋਗ ਕੀਤਾ ਹੈ ਤਾਂ ਜੋ ਇੱਕ ਆਰਸੈਟੀ ਸੰਕਲਪ ਹਰ ਬੇਰੁਜ਼ਗਾਰ ਪੇਂਡੂ ਨੌਜਵਾਨ ਤੱਕ ਪਹੁੰਚੇ। ਸਾਡੀ ਦ੍ਰਿਸ਼ਟੀ ਅਤੇ ਮਿਸ਼ਨ ਲਾਭਕਾਰੀ ਰੁਜ਼ਗਾਰ ਲਈ ਹੁਨਰ ਵਿਕਾਸ ਦੀ ਸਹੂਲਤ ਹੈ।






















