ਸਮਾਰਟ ਵਿਲੇਜ ਕੰਪੇਨ ਬਦਲੇਗੀ ਪਿੰਡਾਂ ਦੇ ਵਿਕਾਸ ਦਾ ਮੁਹਾਂਦਰਾ

ਹੁਸ਼ਿਆਰਪੁਰ, 13 ਦਸੰਬਰ: ( ਤਰਸੇਮ ਦੀਵਾਨਾ ) ਪੰਜਾਬ ਸਰਕਾਰ ਵੱਲੋਂ ਸਮਾਰਟ ਵਿਲੇਜ ਮੁਹਿੰਮ ਤਹਿਤ ਪੇਂਡੂ ਖੇਤਰਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜਬੂਤ ਕਰਦਿਆਂ ਵੱਖ-ਵੱਖ ਤਰ੍ਹਾਂ ਦੇ ਵਿਕਾਸ ਕਾਰਜ ਉਲੀਕੇ ਗਏ ਹਨ ਜਿਨ੍ਹਾਂ ਦੇ ਮੁਕੰਮਲ ਹੋਣ ਨਾਲ ਵਿਕਾਸ ਦੇ ਨਕਸ਼ੇ ‘ਤੇ ਪੇਂਡੂ ਖੇਤਰਾਂ ਦਾ ਅਹਿਮ ਸਥਾਨ ਹੋਵੇਗਾ।
ਇਹ ਪ੍ਰਗਟਾਵਾ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪਿੰਡ ਸ਼ੇਰਗੜ੍ਹ ਦੇ ਵਿਕਾਸ ਕਾਰਜਾਂ ਲਈ 6 ਲੱਖ ਰੁਪਏ ਦਾ ਚੈੱਕ ਪਿੰਡ ਦੀ ਪੰਚਾਇਤ ਨੂੰ ਸੌਂਪਦਿਆਂ ਕੀਤਾ। ਉਨ੍ਹਾਂ ਭਰੋਸਾ ਦਵਾਇਆ ਕਿ ਲੋੜ ਪੈਣ ‘ਤੇ ਪੰਚਾਇਤ ਨੂੰ ਹੋਰ ਲੋੜੀਂਦੇ ਫੰਡ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਵਿਕਾਸ ਕਾਰਜਾਂ ‘ਚ ਕਿਸੇ ਕਿਸਮ ਦੀ ਖੜੌਤ ਨਾ ਆ ਸਕੇ। ਉਦਯੋਗ ਮੰਤਰੀ ਨੇ ਦੱਸਿਆ ਕਿ 6 ਲੱਖ ਰੁਪਇਆ ਪਿੰਡ ਦੀਆਂ ਗਲੀਆਂ ਤੋਂ ਇਲਾਵਾ ਹੋਰਨਾਂ ਵਿਕਾਸ ਕਾਰਜਾਂ ਲਈ ਦਿੱਤੇ ਗਏ ਹਨ।
ਸਮਾਰਟ ਵਿਲੇਜ ਕੰਪੇਨ ਸੰਬੰਧੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਅਕਤੂਬਰ ਮਹੀਨੇ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ ਰਾਜ ਦੇ ਪੇਂਡੂ ਖੇਤਰਾਂ ਵਿੱਚ ਪੰਚਾਇਤਾਂ ਰਾਹੀਂ 327 ਕਰੋੜ ਰੁਪਏ ਦੀ ਲਾਗਤ ਨਾਲ 17440 ਵਿਕਾਸ ਕਾਰਜ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੇ ਪਹਿਲੇ ਪੜਾਅ, ਜੋ ਕਿ 2019 ‘ਚ ਸ਼ੁਰੂ ਕੀਤਾ ਗਿਆ ਸੀ, ਤਹਿਤ 835 ਕਰੋੜ ਰੁਪਏ ਦੀ ਲਾਗਤ ਨਾਲ ਪੇਂਡੂ ਖੇਤਰਾਂ ਵਿੱਚ 19132 ਵਿਕਾਸ ਕਾਰਜ ਕਰਵਾਏ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨਾਲ ਪੰਜਾਬ ਦੇ ਪੇਂਡੂ ਖੇਤਰਾਂ ਦੀ ਦਿੱਖ ਯਕੀਨਨ ਨਵਾਂ ਰੂਪ ਹਾਸਲ ਕਰੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਨੰਬਰਦਾਰ ਕੈਪਟਨ ਕਰਮਚੰਦ, ਸਰਪੰਚ ਕੁਲਦੀਪ ਅਰੋੜਾ, ਸਾਬਕਾ ਸਰਪੰਚ ਨਰਿੰਦਰ ਕੌਰ, ਸਾਬਕਾ ਕੌਂਸਲਰ ਸੁਰਿੰਦਰ ਪਾਲ ਸਿੱਧੂ, ਸਰਪੰਚ ਗੁਰਮੀਤ ਕੌਰ, ਮਲਕੀਤ ਸਿੰਘ, ਕਮਲਜੀਤ ਕੌਰ, ਕੇਲਾਸ਼ ਰਾਣੀ, ਅਰਜਿੰਦਰ ਕੁਮਾਰ, ਟੇਕ ਚੰਦ, ਕਮਲਜੀਤ ਸਿੰਘ ਸੰਧੂ (ਸਾਰੇ ਪੰਚ), ਗੁਰਮੇਲ ਸਿੰਘ ਅਤੇ ਸੁਦੇਸ਼ ਕੁਮਾਰ ਆਦਿ ਮੌਜੂਦ ਸਨ।






















