-ਜ਼ਿਲ੍ਹੇ ਦੇ ਨੌਜਵਾਨਾਂ ਨੂੰ ਉਦਯੋਗਾਂ ਦੀ ਲੋੜ ਮੁਤਾਬਕ ਹੁਨਰਮੰਦ ਬਣਾ ਕੇ ਰੁਜ਼ਗਾਰ ਦਿਵਾਇਆ ਜਾਵੇਗਾ-ਡਾ. ਯਾਦਵ

ਪਟਿਆਲਾ, 11 ਦਸੰਬਰ( ਵਿਸ਼ਵ ਵਾਰਤਾ )-ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਦੀ ਪ੍ਰਧਾਨਗੀ ਹੇਠ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤੀਜੇ ਪੜਾਅ ਦੀ ਜ਼ਿਲ੍ਹਾ ਕਾਰਜਕਾਰੀ ਦੀ ਇੱਥੇ ਹੋਈ ਮੀਟਿੰਗ ਦੌਰਾਨ ਨੌਜਵਾਨਾਂ ਨੂੰ ਜ਼ਿਲ੍ਹੇ ਦੇ ਉਦਯੋਗਾਂ ਦੀ ਲੋੜ ਮੁਤਾਬਕ ਹੁਨਰਮੰਦ ਬਣਾਉਣ ‘ਤੇ ਚਰਚਾ ਹੋਈ। ਡਾ. ਯਾਦਵ ਨੇ ਇਸ ਮੌਕੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਤਹਿਤ ਸਾਲ 2021 ਵਿਚ ਸ਼ੁਰੂ ਹੋਣ ਵਾਲੀ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤੀਜੇ ਪੜਾਅ ਬਾਰੇ ਜਾਣੂ ਕਰਵਾਇਆ।
ਉਹਨਾ ਦੱਸਿਆ ਕਿ ਇਸ ਸਕੀਮ ਦਾ ਮੰਤਵ ਜ਼ਿਲੇ ਦੇ ਉਦਯੋਗਾਂ ਦੀ ਲੋੜ ਮੁਤਾਬਕ 3 ਤੋਂ 4 ਮਹੀਨੇ ਦੇ ਹੁਨਰ ਵਿਕਾਸ ਕੋਰਸ ਸ਼ੁਰੂ ਕਰਵਾ ਕੇ ਨੌਜਵਾਨਾਂ ਨੂੰ ਜ਼ਿਲ੍ਹੇ ਦੇ ਉਦਯੋਗਾਂ ਦੀ ਲੋੜ ਮੁਤਾਬਕ ਹੁਨਰਮੰਦ ਬਣਾ ਕੇ ਪ੍ਰਾਈਵੇਟ ਉਦਯੋਗਾਂ ਵਿੱਚ ਰੋਜ਼ਗਾਰ ਦਿਵਾਉੁਣਾ ਹੈ ਤਾਂ ਜੋ ਉਹ ਅਜੀਵਿਕਾ ਕਮਾਉਣ ਦੇ ਕਾਬਲ ਬਣ ਸਕਣ।
ਏ.ਡੀ.ਸੀ. ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਸਕੀਮ ਨੂੰ ਲਾਗੂ ਕਰਨ ਲਈ ਯੋਜਨਾ/ਪਲਾਨ ਜ਼ਿਲ੍ਹਾ ਕਾਰਜਕਾਰੀ, 16 ਮੈਂਬਰੀ ਕਮੇਟੀ ਵਲੋਂ ਬਣਾਇਆ ਜਾਵੇਗਾ ਜਿਸ ਵਿਚ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਜ਼ਿਲ੍ਹਾ ਉਦਯੋਗ ਕੇਂਦਰ ਦੇ ਜੀ.ਐਮ., ਜ਼ਿਲ੍ਹਾ ਰੋਜ਼ਗਾਰ ਅਫ਼ਸਰ, ਸਹਾਇਕ ਕਿਰਤ ਕਮਿਸ਼ਨਰ, ਜ਼ਿਲ੍ਹਾ ਭਲਾਈ ਅਫ਼ਸਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਡਾਇਰੈਕਟਰ ਆਰਸੇਟੀ ਐਸ.ਬੀ.ਆਈ., ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ. ਲੜਕੇ, ਪਟਿਆਲਾ, ਪ੍ਰਿੰਸੀਪਲ ਸਰਕਾਰੀ ਪੋਲੋਟੇਕਨੀਕ ਕਾਲਜ, ਚੇਅਰਮੈਨ ਇੰਡਸਟਰੀ ਚੈਂਬਰ, ਜ਼ਿਲ੍ਹਾ ਸਿੱਖਿਆ ਅਫ਼ਸਰ, ਬੈਕਫਿੰਕੋ, ਜ਼ਿਲਾ ਮੈਨੇਜਰ ਐੱਸ.ਸੀ. ਕਾਰਪੋਰੇਸ਼ਨ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਐਨ.ਆਰ.ਐਲ. ਐਮ. ਅਤੇ ਡੀਪੀਐਮਯੂ ਪਟਿਆਲਾ ਸ਼ਾਮਲ ਹਨ।
ਡਾ. ਪ੍ਰੀਤੀ ਯਾਦਵ ਨੇ ਵਿਭਾਗਾਂ ਦੇ ਮੁਖੀਆਂ ਨੂੰ ਆਦੇਸ਼ ਦਿਤੇ ਕਿ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸੰਬੰਧੀ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦਾ ਇਕ ਨੋਡਲ ਸਰਵਿਸ ਸੈਂਟਰ ਸਥਾਪਿਤ ਕੀਤਾ ਜਾਵੇਗਾ ਜਿਸ ਵਿੱਚ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਵਿਭਾਗਾਂ ਦੇ ਕਾਉਂਸਲਰ ਹੁਨਰ ਵਿਕਾਸ ਦੀ ਸਿਖਲਾਈ ਪ੍ਰਾਪਤ ਕਰਨ ਵਾਲੇ ਸਿਖਿਆਰਥੀਆਂ ਦੀ ਕੌਂਸਿਲਿੰਗ ਕਰਨਗੇ ਤੇ ਸਕਿੱਲ ਕੋਰਸਾਂ ਅਤੇ ਨੌਕਰੀਆਂ ਸੰਬੰਧੀ ਜਾਣਕਾਰੀ ਦੇਣਗੇ। ਮੀਟਿੰਗ ਦੌਰਾਨ ਡੀਪੀਐਮਯੂ ਪਟਿਆਲਾ ਵਲੋਂ ਸਾਰੇ ਮੈਂਬਰਾਂ ਨੂੰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੀਆਂ ਸਕੀਮਾਂ ਸੰਬੰਧੀ ਪੀਪੀਟੀ ਦਿਖਾਈ ਗਈ। ਮੈਂਬਰਾਂ ਤੇ ਸਨਅਤਕਾਰਾਂ ਨੇ ਆਪਣੇ ਵੀ ਵਿਚਾਰ ਸਾਂਝੇ ਕੀਤੇ।





















