ਕੇਂਦਰ ਸਰਕਾਰ ਵਲੋਂ ਪੰਜਾਬ ਦੇ ਸੰਘਰਸ਼ੀਲ ਕਿਸਾਨਾਂ ਨੂੰ ਗੱਲਬਾਤ ਲਈ ਅੱਜ ਭੇਜਿਆ ਬੁਲਾਵਾ ਜਥੇਬੰਦਕ ਧਿਰਾਂ ਵਲੋਂ ਸਵੀਕਾਰ


ਮਾਨਸਾ 1 ਦਿਸੰਬਰ (ਵਿਸ਼ਵ ਵਾਰਤਾ)-ਪੰਜਾਬ ਦੀਆਂ ਸੰਘਰਸ਼ਸ਼ੀਲ 32 ਕਿਸਾਨ ਜਥੇਬੰਦੀਆਂ ਨੂੰ ਕੇਂਦਰ ਸਰਕਾਰ ਵਲੋਂ ਮੁੜ ਗੱਲਬਾਤ ਲਈ ਬੁਲਾਇਆ ਗਿਆ ਹੈ। ਗੱਲਬਾਤ ਦਾ ਇਹ ਸੱਦਾ ਅੱਜ ਪਹਿਲੀ ਦਸੰਬਰ ਲਈ ਭੇਜਿਆ ਗਿਆ ਹੈ , ਜਦੋ
ਕਿਸਾਨ ਜਥੇਬੰਦੀਆਂ ਕੋਲ ਪਹਿਲਾਂ 3 ਦਸੰਬਰ ਲਈ ਗੱਲਬਾਤ ਵਾਸਤੇ ਅਜਿਹਾ ਇੱਕ ਪੱਤਰ ਖੇਤੀ ਮੰਤਰਾਲੇ ਦੇ ਸੱਕਤਰ ਸ੍ਰੀ ਸੁਦਾਸੂ ਪਾਂਡੇ ਵਲੋਂ ਭੇਜਿਆ ਗਿਆ ਹੈ।ਇਸ ਪੱਤਰ ਅਨੁਸਾਰ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਵਿਗਿਆਨ ਭਵਨ ਵਿਖੇ,ਹਾਲ ਨੰਬਰ 2, ਨਵੀਂ ਦਿੱਲੀ ਵਿਚ 3 ਵਜੇ ਬੁਲਾਇਆ ਗਿਆ ਹੈ। ਹੁਣ ਇਸ ਪੱਤਰ ਨੂੰ ਕੇਂਦਰੀ ਖੇਤੀ ਮੰਤਰਾਲੇ ਦੇ ਸੈਕਟਰੀ ਸ੍ਰੀ ਸੰਜੇ ਅੱਗਰਵਾਲ ਦੀ ਲੈਟਰ ਪੈਡ ਉਪਰ ਭੇਜਿਆ ਗਿਆ ਹੈ।
ਦਿਲਚਸਪ ਗੱਲ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਦਿੱਲੀ ਵਿਖੇ ਕੇਂਦਰੀ ਮੰਤਰੀਆਂ ਨਾਲ ਸੁਖਾਵੇਂ ਮਾਹੌਲ ਵਿਚ ਗੱਲਬਾਤ ਹੋਈ ਹੈ,ਪਰ ਉਸ ਦਾ 3 ਖੇਤੀ ਕਾਨੂੰਨਾਂ ਅਤੇ ਬਿਜਲੀ ਐਕਟ ਤਹਿਤ ਕੋਈ ਮਾਮਲਾ ਹੱਲ ਨਹੀਂ ਹੋਇਆ ਸੀ ਅਤੇ ਮੁੜ ਗੱਲਬਾਤ ਲਈ ਇਕੱਠੇ ਹੋਣ ਦੇ ਕੋਲ ਕਰਾਰ ਹੋਏ ਸਨ।
ਉਧਰ ਕਿਸਾਨ ਜਥੇਬੰਦੀਆਂ ਵਲੋਂ ਇਸ ਵੇਲੇ ਦਿੱਲੀ ਨੇੜੇ ਮੋਰਚੇ ਲਾਏ ਹੋਏ ਹਨ,ਜਿਸ ਕਰਕੇ ਹੀ ਜਾਪਦਾ ਹੈ ਕਿ ਇਹ ਮੀਟਿੰਗ ਹੁਣ ਦੋ ਦਿਨ ਪਹਿਲਾਂ ਸੱਦੀ ਗਈ ਹੈ।
ਇਸ ਪੱਤਰ ਸਬੰਧੀ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ (ਮਾਨਸਾ) ਦੇ ਸੂਬਾਈ ਪ੍ਰਧਾਨ ਬੋਘ ਸਿੰਘ ਨੇ ਇਸ ਪੱਤਰਕਾਰ ਨੂੰ ਦਿੰਦਿਆਂ ਦੱਸਿਆ ਕਿ ਜਥੇਬੰਦੀਆਂ ਵੱਲੋਂ ਗੱਲਬਾਤ ਲਈ ਅੱਜ ਬਲਾਉਣ ਦਾ ਸਵਾਗਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀਆਂ ਨੇ ਮੀਟਿੰਗ ਵਿੱਚ ਭਾਗ ਲੈਣ ਲਈ ਦੁਪਹਿਰ ਤੋਂ ਪਹਿਲਾਂ ਆਪਣੀ ਇੱਕ ਵੱਖਰੀ ਮੀਟਿੰਗ ਦਿੱਲੀ ਧਰਨੇ ਨੇੜੇ ਇੱਕ ਹੋਟਲ ਵਿੱਚ ਬੂਲਾ ਲਈ ਹੈ,ਜਿਸ ਵਿਚ ਕੇਂਦਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਦੀ ਤਿਆਰੀ ਅਤੇ ਕਿਸਾਨੀ ਪੱਖ ਰੱਖਣ ਵਾਲੇ ਬੁਲਾਰਿਆਂ ਦਾ ਨਿਰਣਾ ਲਿਆ ਜਾਵੇਗਾ।




















