ਕੈਪਟਨ –ਸਿੱਧੂ ਦੀ ਮਿਲਣੀ
ਮੰਤਰੀ ਮੰਡਲ ਵਿੱਚ ਹੋਣ ਵਾਲੇ ਫੇਰਬਦਲ ਅਤੇ ਵਾਧੇ ਬਾਰੇ ਅਟਕਲਾਂ ਸ਼ੁਰੂ
ਅੱਧੀ ਦਰਜਨ ਵਿਧਾਇਕ ਮੰਤਰੀ ਬਣਨ ਲਈ ਕਾਹਲੇ
ਕੁਝ ਮੰਤਰੀਆਂ ਦੇ ਵਿਭਾਗਾਂ ਵਿੱਚ ਹੋ ਸਕਦੀ ਹੈ ਫੇਰਬਦਲ
ਚੰਡੀਗੜ੍ਹ,25 ਨਵੰਬਰ( ਦਵਿੰਦਰਜੀਤ ਸਿੰਘ ਦਰਸ਼ੀ )- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਤੇਜ-ਤਰਾਰ ਆਗੂ ਨਵਜੋਤ ਸਿੰਘ ਸਿੱਧੂ ਦੇ ਵਿਚਕਾਰ ਹੋ ਰਹੀ ਅੱਜ ਦੀ ਮਿਲਣੀ ਨੇ ਪੰਜਾਬ ਦੀ ਸਿਆਸਤ ਵਿੱਚ ਭਾਰੀ ਚਰਚਾ ਛੇੜ ਦਿੱਤੀ ਹੈ। ਪਿਛਲੇ ਡੇਢ ਸਾਲ ਤੋਂ ਮੰਤਰੀ ਮੰਡਲ ਤੋਂ ਅਸਤੀਫਾ ਦੇ ਕੇ ਗਏ ਨਵਜੋਤ ਸਿੰਘ ਸਿੱਧੂ ਵੱਲੋਂ ਮੁਖ ਮੰਤਰੀ ਨਾਲ ਮੁੜ ਇਕੱਠੇ ਹੋਣ ਨਾਲ ਪੰਜਾਬ ਦੇ ਮੰਤਰੀ ਮੰਡਲ ਵਿੱਚ ਚੀਰਾਂ ਤੋਂ ਉਡੀਕੇ ਜਾ ਰਹੇ ਫੇਰਬਦਲ ਅਤੇ ਵਾਧੇ ਨੂੰ ਹੁਣ ਅਮਲੀ ਰੂਪ ਦਿੱਤੇ ਜਾਣ ਦੀਆਂ ਕਿਆਸਅਰਾਈਆਂ ਮੁੜ ਸ਼ੁਰੂ ਹੋ ਗਈਆਂ ਹਨ। ਇਸ ਹੋ ਰਹੀ ਮਿਲਣੀ ਤੋਂ ਬਾਅਦ ਇਹ ਤਾਂ ਤੈਅ ਹੀ ਲੱਗਦਾ ਹੈ ਕਿ ਜੁਲਾਈ 2019 ਤੋਂ ਨਵਜੋਤ ਸਿੰਘ ਸਿਧੂ ਵੱਲੋਂ ਦਿੱਤੇ ਅਸਤੀਫੇ ਕਾਰਨ ਮੰਤਰੀ ਮੰਡਲ ਵਿੱਚ ਜੋ ਖਾਲੀ ਸਥਾਨ ਪਿਆ ਹੈ ਉਹਨਾਂ ਵੱਲੋਂ ਹੀ ਹੁਣ ਭਰਿਆ ਜਾ ਰਿਹਾ ਹੈ। ਪਰ ਇਸ ਦੇ ਨਾਲ ਹੀ ਮੌਜੂਦਾ ਮੰਤਰੀ ਮੰਡਲ ਵਿੱਚ ਸ਼ਾਮਲ ਅੱਧੀ ਦਰਜਨ ਦੇ ਕਰੀਬ ਮੰਤਰੀਆਂ, ਜਿਹਨਾਂ ਦੀ ਕਾਰਗੁਜ਼ਾਰੀ ਪਿਛਲੇ ਸਮੇਂ ਵਿੱਚ ਵਿਵਾਦਾਂ ਦਾ ਕਾਰਨ ਬਣਦੀ ਰਹੀ ਹੈ, ਨੂੰ ਕੰਬਣੀ ਛੇੜ ਰਹੀ ਹੈ। ਬੇਸ਼ੱਕ ਕੋਵਿਡ-19 ਕਾਰਨ ਜਿੱਥੇ ਪੰਜਾਬ ਸਮੇਤ ਪੂਰੇ ਸੰਸਾਰ ਨੂੰ ਭਾਰੀ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹਨਾਂ ਮੰਤਰੀਆਂ ਜਿਹਨਾਂ ਦੀ ਛੁੱਟੀ ਹੋਣਾ ਸੰਭਵ ਸੀ ਲਈ ਫਾਇਦੇਮੰਦ ਸਾਬਤ ਹੋਇਆ ਹੈ। ਪਰ ਮੁਖ ਮੰਤਰੀ ਅਤੇ ਨਵਜੋਤ ਸਿੰਘ ਸਿੱਧੂ ਦੀ ਮਿਲਣੀ ਦੀ ਖਬਰ ਨੇ ਇਹਨਾਂ ਮੰਤਰੀਆਂ ਦੀ ਇਕ ਵਾਰ ਫਿਰ ਨੀਂਦ ਹਰਾਮ ਕਰ ਦਿੱਤੀ ਹੈ। ਆਪਣਾ ਨਾਮ ਨਾ ਉਜਾਗਰ ਕਰਨ ਦੀ ਸ਼ਰਤ ਲਾ ਕੇ ਇਹ ਮੰਤਰੀ ਮੁਖ ਮੰਤਰੀ ਦੇ ਅੱਤ ਨਜ਼ਦੀਕੀਆਂ ਤੋਂ ਇਸ ਮਿਲਣੀ ਬਾਰੇ ਜਾਣਕਾਰੀ ਹਾਸਿਲ ਕਰ ਰਹੇ ਹਨ। ਉਹਨਾਂ ‘ਜਾਣ’ ਤੇ ‘ਆਉਣ’ ਵਾਲੇ ਮੰਤਰੀਆਂ ਨੇ ਆਪਣੇ ਦਿੱਲੀ ਬੈਠੇ ਆਕਾਵਾਂ ਵੱਲ ਗੇੜੇ ਮਾਰਨ ਦੀ ਵਿਉਂਤ ਬਨਾਉਣੀ ਵੀ ਸ਼ੁਰੂ ਕਰ ਦਿੱਤੀ ਹੈ।
ਬੇਸ਼ੱਕ ਮੁਖ ਮੰਤਰੀ ਆਪਣੇ ਮੰਤਰੀ ਮੰਡਲ ਵਿੱਚ ਇਸ ਸਮੇਂ ਜਦੋਂ ਕਿ ਨਵੀਆਂ ਵਿਧਾਨ ਸਭਾ ਚੋਣਾਂ ਨੂੰ ਸਵਾ ਸਾਲ ਦੇ ਕਰੀਬ ਹੀ ਰਹਿ ਗਿਆ ਹੈ ਕੋਈ ਫੇਰਬਦਲ ਨਹੀਂ ਕਰਨਾ ਚਾਹੁੰਦੇ ਪ੍ਰੰਤੂ ਆਪਣੇ ਹਾਈ ਕਮਾਂਡ ਦਾ ਹੁਕਮ ਮੰਨਣ ਲਈ ਪਾਬੰਦ ਹਨ।
ਸਿਆਸੀ ਹਲਕਿਆਂ ਵਿੱਚ ਪਿਛਲੇ ਕਾਫੀ ਸਮੇਂ ਤੋਂ ਚਰਚਾ ਹੈ ਕਿ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਮੰਤਰੀ ਮੰਡਲ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਤੋਂ ਇਲਾਵਾ ਰਾਹੁਲ ਗਾਂਧੀ ਬ੍ਰਿਗੇਡ ਦੇ ਦੋ ਵਿਧਾਇਕ ਅਤੇ ਮੁਖ ਮੰਤਰੀ ਦੇ ਨਜ਼ਦੀਕੀ ਮੰਨੇ ਜਾਣ ਵਾਲੇ ਤਿੰਨ ਵਿਧਾਇਕ ਜੋ ਕਿ ਹਾਈ ਕਮਾਂਡ ਵਿੱਚ ਵੀ ਚੰਗਾ ਅਸਰ-ਰਸੂਖ਼ ਰੱਖਦੇ ਹਨ ਮੰਤਰੀ ਬਣਨ ਲਈ ਕਾਹਲੇ ਹਨ। ਇਹ ਵੀ ਪੂਰੀ ਸੰਭਾਵਨਾ ਹੈ ਕਿ ਅੱਧੀ ਦਰਜਨ ਦੇ ਕਰੀਬ ਮੌਜੂਦਾ ਮੰਤਰੀਆਂ ਦੇ ਵਿਭਾਗਾਂ ਵਿੱਚ ਵੀ ਫੇਰਬਦਲ ਕੀਤਾ ਜਾ ਸਕਦਾ ਹੈ। ਕਿਉਂਕਿ ਮੁਖ ਮੰਤਰੀ ਉਹਨਾਂ ਦੀ ਕਾਰਗੁਜ਼ਾਰੀ ਤੋਂ ਪੂਰੇ ਖੁਸ਼ ਨਹੀਂ ਹਨ।
ਦੇਖੋ, ਆਉਣ ਵਾਲੇ ਦਿਨਾਂ ਵਿੱਚ ਕਿਸ ਦੀ ਲਾਟਰੀ ਖੁੱਲੇਗੀ ਅਤੇ ਕਿਸ ਦੀ ਛੁੱਟੀ ਹੋਵੇਗੀ, ਇਹ ਤਾਂ ਸਮਾਂ ਹੀ ਦੱਸੇਗਾ।