ਕੈਪਟਨ ਨੂੰ ਮੁੜ ਤੋਂ ਮੁੱਖ ਮੰਤਰੀ ਬਣਾਉਣ ਲਈ ਸਮੁੱਚੇ ਕਾਂਗਰਸੀ ਅਤੇ ਵਰਕਰ ਲਾਮਬੰਦ : ਵੇਦ ਕਪੂਰ
ਪਟਿਆਲਾ, ਨਵੰਬਰ 20 (ਵਿਸ਼ਵ ਵਾਰਤਾ)- ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਵਾਈਸ ਚੇਅਰਮੈਨ ਵੇਦ ਕਪੂਰ ਦੇ ਦਫ਼ਤਰ ਵਿਖੇ ਕਾਂਗਰਸ ਪਾਰਟੀ ਦੇ ਵੱਖ-ਵੱਖ ਅਹੁਦਿਆਂ ‘ਤੇ ਬਿਰਾਜਮਾਨ ਸੀਨੀਅਰ ਵਾਈਸ ਚੇਅਰਮੈਨਾਂ ਅਤੇ ਚੇਅਰਮੈਨਾਂ ਨੇ ਪਹੁੰਚ ਕੇ ਅਹਿਮ ਮੀਟਿੰਗ ਕੀਤੀ, ਜਿਸ ਵਿਚ ਪ੍ਰਮੁੱਖ ਤੌਰ ‘ਤੇ ਕੇ. ਕੇ. ਸਹਿਗਲ ਵਾਈਸ ਚੇਅਰਮੈਨ ਲਾਰਜ ਸਕੇਲ ਇੰਡਸਟਰੀ ਪੰਜਾਬ, ਅਨਿਲ ਮੰਗਲਾ ਸੀਨੀਅਰ ਵਾਈਸ ਚੇਅਰਮੈਨ ਪੇਡਾ, ਕ੍ਰਿਸ਼ਨ ਚੰਦ ਬੁੱਧੂ ਸੀਨੀਅਰ ਵਾਈਸ ਚੇਅਰਮੈਨ ਪਨਸਪ, ਸੁਰਿੰਦਰਜੀਤ ਸਿੰਘ ਵਾਲੀਆ ਵਾਈਸ ਚੇਅਰਮੈਨ ਪੈਨਸ਼ਨ ਐਂਡ ਸੋਸ਼ਲ ਵੈਲਫੇਅਰ ਬੋਰਡ, ਅਨਿਲ ਮਹਿਤਾ ਸੀਨੀਅਰ ਵਾਈਸ ਚੇਅਰਮੈਨ ਖਾਦੀ ਬੋਰਡ, ਉਧਮ ਸਿੰਘ ਕੰਬੋਜ ਵਾਈਸ ਚੇਅਰਮੈਨ ਕੰਬੋਜ ਵੈਲਫੇਅਰ ਬੋਰਡ ਅਤੇ ਸੁਰੇਸ਼ ਗੋਗੀਆ ਵਾਈਸ ਚੇਅਰਮੈਨ ਸਮਾਲ ਸਕੇਲ ਇੰਡਸਟਰੀ ਪੰਜਾਬ ਪ੍ਰਮੁੱਖ ਸਨ। ਇਸ ਮੌਕੇ ਵੇਦ ਕਪੂਰ ਅਤੇ ਸਮੁੱਚੇ ਆਗੂਆਂ ਨੇ ਇਕਜੁਟ ਹੋ ਕੇ ਕਿਹਾ ਕਿ ਮੌਜੂਦਾ ਸਮੇਂ ਵਿਚ ਕੈ. ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਵਲੋਂ ਵਿਕਾਸ ਦੇ ਕੰਮਾਂ ਦੇ ਤਹਿਤ ਕਰੋੜਾਂ ਰੁਪਏ ਦੇ ਕੰਮ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਕ ਇਤਿਹਾਸਕ ਫੈਸਲਾ ਲੈਂਦੇ ਹੋਏ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਿੱਧੇ ਤੌਰ ‘ਤੇ ਉਨ੍ਹਾਂ ਦੀ ਹਮਾਇਤ ‘ਤੇ ਉਤਰੇ ਹਨ ਅਤੇ ਉਨ੍ਹਾਂ ਨੇ ਕਿਸਾਨਾਂ ਦੇ ਹਿੱਤਾਂ ਲਈ ਅਸਤੀਫੇ ਦੀ ਵੀ ਪੇਸ਼ਕਸ਼ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਵਿਚ ਕੈਪਟਨ ਨੂੰ ਮੁੜ ਤੋਂ ਮੁੱਖ ਮੰਤਰੀ ਬਣਾਉਣ ਲਈ ਸਮੁੱਚੇ ਕਾਂਗਰਸੀ ਵਰਕਰ ਲਾਮਬੰਦ ਹਨ ਅਤੇ 2022 ਵਿਚ ਕਾਂਗਰਸ ਨੂੰ ਸੱਤਾ ਵਿਚ ਲਿਆਉਣ ਲਈ ਕਾਂਗਰਸ ਪਾਰਟੀ ਦਾ ਹਰੇਕ ਵਰਕਰ ਅਤੇ ਅਹੁਦੇਦਾਰ ਘਰ-ਘਰ ਜਾ ਕੇ ਕਾਂਗਰਸ ਪਾਰਟੀ ਲਈ ਪ੍ਰਚਾਰ ਕਰੇਗਾ ਅਤੇ ਕਾਂਗਰਸ ਨੂੰ ਇਤਿਹਾਸਕ ਜਿੱਤ ਦਵਾ ਕੇ ਮੁੜ ਤੋਂ ਸੱਤਾ ‘ਤੇ ਕਾਬਜ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਤੀਜੀ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਵੇਗਾ।