ਰਾਏਕੋਟ 18 ਨਵੰਬਰ ( ਵਿਸ਼ਵ ਵਾਰਤਾ )-ਤਕਨੀਕੀ ਸਿੱਖਿਆ ਵਿਭਾਗ ਨੇ ਰਾਏਕੋਟ ਲਾਗੇ ਇਤਿਹਾਸਕ ਬੱਸੀਆਂ ਕੋਠੀ ਵਿਚ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਯਾਦ ਵਿਚ 40 ਕਰੋੜ ਰੁਪਏ ਖ਼ਰਚ ਕੇ ਬਣਾਏ ਜਾਣ ਵਾਲੇ ਪੇਸ਼ੇਵਰ ਅਧਿਐਨ ਕਾਲਜ ਉੱਪਰ ਪੋਚਾ ਫੇਰ ਕੇ ਪਿਛਲਖੁਰੀ ਮੁੜਦਿਆਂ ਹੁਣ ਇੱਥੇ ਉਦਯੋਗਿਕ ਸਿਖਲਾਈ ਸੰਸਥਾ ਖੋਲ੍ਹਣ ਲਈ ਪਹਿਲੇ ਨੀਂਹ ਪੱਥਰ ਦੇ ਨੇੜੇ ਹੀ ਅੱਜ ਇਕ ਹੋਰ ਨੀਂਹ ਪੱਥਰ ਰੱਖ ਦਿੱਤਾ ਹੈ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇਸ ਨਵੇਂ ਨੀਂਹ ਪੱਥਰ ਤੋਂ ਪਰਦਾ ਹਟਾਉਣ ਵੇਲੇ ਐਲਾਨ ਕੀਤਾ ਕਿ ਖੁੱਲ੍ਹਣ ਵਾਲੀ ਇਸ ਉਦਯੋਗਿਕ ਸਿਖਲਾਈ ਸੰਸਥਾ ਵਿਚ ਅਗਲੇ ਵਰ੍ਹੇ ਤੋਂ ਦਾਖ਼ਲੇ ਸ਼ੁਰੂ ਹੋ ਜਾਣਗੇ।
ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ ਦੇ ਯਤਨਾਂ ਸਦਕਾ ਇੰਦਰ ਕੁਮਾਰ ਗੁਜਰਾਲ ਤਕਨੀਕੀ ਯੂਨੀਵਰਸਿਟੀ ਅਤੇ ਤਕਨੀਕੀ ਸਿੱਖਿਆ ਵਿਭਾਗ ਦਰਮਿਆਨ ਆਪਸੀ ਸਹਿਮਤੀ ਵਾਲੇ ਸਮਝੌਤੇ ਅਨੁਸਾਰ ਬੱਸੀਆਂ ਕੋਠੀ ਦੀ ਚਾਰ ਏਕੜ ਜ਼ਮੀਨ ਅਤੇ ਸਾਢੇ ਤਿੰਨ ਏਕੜ ਜ਼ਮੀਨ ਨਾਲ ਲੱਗਦੇ ਪਿੰਡ ਸੀਲੋਆਣੀ ਦੀ ਪੰਚਾਇਤ ਵੱਲੋਂ ਦਿੱਤੀ ਗਈ ਸੀ। ਸਾਢੇ ਸੱਤ ਏਕੜ ਜ਼ਮੀਨ ਉੱਪਰ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਯਾਦ ਵਿਚ ਬਣਨ ਵਾਲੇ ਆਪਣੀ ਕਿਸਮ ਦੇ ਪਹਿਲੇ ਬਹੁਮੰਤਵੀ ਕਾਲਜ ਦੀ ਉਸਾਰੀ ਲਈ 28 ਸਤੰਬਰ 2016 ਨੂੰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨੀਂਹ ਪੱਥਰ ਰੱਖਿਆ ਸੀ। ਤਕਨੀਕੀ ਯੂਨੀਵਰਸਿਟੀ ਵੱਲੋਂ ਸ਼ਹਿਰੀ ਵਿਕਾਸ ਅਤੇ ਯੋਜਨਾਬੰਦੀ ਵਿਭਾਗ ਤੋਂ ਇਸ ਜ਼ਮੀਨ ਦੀ ਵਰਤੋਂ ਤਬਦੀਲੀ ਦਾ ਸਰਟੀਫਿਕੇਟ ਵੀ ਹਾਸਲ ਕਰ ਲਿਆ ਗਿਆ ਸੀ। ਇਮਾਰਤ ਦੀ ਉਸਾਰੀ ਦੀ ਜ਼ਿੰਮੇਵਾਰੀ ਲੋਕ ਨਿਰਮਾਣ ਵਿਭਾਗ ਨੂੰ ਸੌਂਪੀ ਗਈ ਸੀ ਅਤੇ ਪਹਿਲੀ ਕਿਸ਼ਤ ਵਜੋਂ ਸਾਢੇ ਪੰਜ ਕਰੋੜ ਰੁਪਏ ਦੀ ਗਰਾਂਟ ਵੀ ਜਾਰੀ ਕਰ ਦਿੱਤੀ ਸੀ। ਲੋਕ ਨਿਰਮਾਣ ਵਿਭਾਗ ਨੇ ਤਿੰਨ ਕਰੋੜ ਰੁਪਏ ਖ਼ਰਚ ਕੇ ਇਮਾਰਤ ਦਾ ਇਕ ਹਿੱਸਾ ਬਣਾ ਵੀ ਦਿੱਤਾ ਸੀ, ਪਰ ਸਰਕਾਰ ਬਦਲਣ ਬਾਅਦ ਇਸ ਪ੍ਰਾਜੈਕਟ ਨੂੰ ਬਰੇਕ ਲੱਗ ਗਈ। 2017 ਵਿਧਾਨ ਸਭਾ ਚੋਣ ਮੌਕੇ ਹਲਕਾ ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਜਗਤਾਰ ਸਿੰਘ ਜੱਗਾ ਹਿੱਸੋਵਾਲ ਦੀ ਜਿੱਤ ਤੋਂ ਬਾਅਦ ਖ਼ਾਰ ਖਾਈ ਬੈਠੇ ਸਥਾਨਕ ਕਾਂਗਰਸੀ ਆਗੂਆਂ ਨੇ ਇਸ ਪੇਸ਼ੇਵਰ ਅਧਿਐਨ ਦੇ ਕਾਲਜ ਦੀ ਥਾਂ ਆਈ.ਟੀ.ਆਈ ਬਣਾਉਣ ਲਈ ਬੀੜਾ ਚੁੱਕ ਲਿਆ। ਹਾਲਾਂਕਿ ਇਲਾਕੇ ਵਿਚ 25 ਕਿੱਲੋਮੀਟਰ ਦੇ ਘੇਰੇ ਵਿਚ ਮਾਣੂਕੇ, ਨਾਨਕਸਰ ਕਲੇਰਾਂ, ਜੱਸੋਵਾਲ-ਕੁਲਾਰ ਅਤੇ ਗੁਜ਼ਰਵਾਲ ਵਿਚ ਪਹਿਲਾਂ ਹੀ ਸਰਕਾਰੀ ਉਦਯੋਗਿਕ ਸੰਸਥਾਵਾਂ ਮੌਜੂਦ ਹਨ ਅਤੇ ਕਈ ਨਿੱਜੀ ਖੇਤਰ ਦੀਆਂ ਸੰਸਥਾਵਾਂ ਵੀ ਕਾਰਜ਼ਸ਼ੀਲ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਕਰੀਬੀ ਸਬੰਧਾਂ ਬਾਰੇ ਜੱਗ ਜਾਣਦਾ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਯਾਦ ਨੂੰ ਮਿਟਾਉਣ ਲਈ ਇਹ ਸਭ ਕੁਝ ਕਿਉਂ ਅਤੇ ਕਿਸ ਦੇ ਇਸ਼ਾਰੇ ‘ਤੇ ਕੀਤਾ ਗਿਆ ਹੈ, ਇਹ ਸਵਾਲ ਤਾਂ ਬਰਕਰਾਰ ਹੈ ਹੀ ਪਰ ਅਕਾਲੀ ਦਲ ਬਾਦਲ ਦੇ ਆਗੂਆਂ ਅਤੇ ਤਲਵੰਡੀ ਪਰਿਵਾਰ ਦੀ ਚੁੱਪ ਵੀ ਕਈ ਸਵਾਲ ਖੜ੍ਹੇ ਕਰਦੀ ਹੈ।