ਪੰਜਾਬ ਸਰਕਾਰ ਨੇ ਹਜ਼ਾਰਾਂ ਖਰੀਦ ਕੇਂਦਰਾਂ ‘ਚੋਂ ਝੋਨੇ ਦੀ ਖਰੀਦ ਕੀਤੀ ਤੁਰੰਤ ਬੰਦ
ਹੁਣ ਕਿਸਾਨਾਂ ਨੂੰ ਕਈ-ਕਈ ਕਿਲੋਮੀਟਰ ਤੈਅ ਕਰਕੇ ਵੇਚਣ ਪਵੇਗਾ ਝੋਨਾ
ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਇਸ ਮਾਰੂ ਫੈਸਲੇ ਤੋਂ ਹੋਏ ਤੇਵਰ ਤਿੱਖੇ
ਮਾਨਸਾ, 17 ਨਵੰਬਰ (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਨੇ ਐਂਤਕੀ ਝੋਨੇ ਦੇ ਵਧੇ ਝਾੜ ਤੋਂ ਘਬਰਾਕੇ ਅੱਜ ਤੋਂ ਮਾਲਵਾ ਖੇਤਰ ਦੇ ਸੈਂਕੜੇ ਖਰੀਦ ਕੇਂਦਰਾਂ ਵਿੱਚ ਝੋਨੇ ਦੀ ਖਰੀਦ ਤੁਰੰਤ ਬੰਦ ਕਰ ਦਿੱਤੀ ਗਈ ਹੈ।ਸਰਕਾਰ ਨੇ ਪੰਜਾਬ ਦੇ ਮੁੱਖ ਯਾਰਡਾਂ ਤੋਂ ਬਿਨਾਂ ਬਾਕੀ ਸਾਰੇ ਯਾਰਡਾਂ,ਖਰੀਦ ਕੇਂਦਰਾਂ ਅਤੇ ਹੋਰ ਜਗ੍ਹਾਵਾਂ ਤੋਂ ਝੋਨੇ ਦੀ ਖਰੀਦ-ਵੇਚ,ਸਟੋਰਜ਼ ਅਤੇ ਪ੍ਰੋਸੈਸਿੰਗ ਕਾਰੋਬਾਰ ‘ਤੇ ਰੋਕ ਲਗਾਈ ਗਈ ਹੈ। ਇਸ ਸਰਕਾਰੀ ਫੈਸਲੇ ਨਾਲ ਖੇਤੀ ਕਾਨੂੰਨਾਂ ਖਿਲਾਫ਼ ਲੜ ਰਹੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਤੇਵਰ ਤਿੱਖੇ ਹੋ ਗਏ ਹਨ,ਜਦੋਂ ਕਿ ਮਾਲਵਾ ਖੇਤਰ ਦੇ ਹਜ਼ਾਰਾਂ ਕਿਸਾਨਾਂ ਨੂੰ ਆਪਣੀ ਫ਼ਸਲ ਨੇੜੇ ਦੇ ਖਰੀਦ ਕੇਂਦਰਾਂ ਵਿੱਚ ਵੇਚਣ ਦੀ ਵੱਡੀ ਤਕਲੀਫ਼ ਖੜ੍ਹੀ ਹੋ ਗਈ ਹੈ।ਪੰਜਾਬ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਮੁੱਖ ਯਾਰਡਾਂ ਤੋਂ ਬਿਨਾਂ ਬਾਕੀ ਦੇ ਸਾਰੇ ਸੈਂਟਰਾਂ ਵਿੱਚ ਝੋਨੇ ਦੀ ਖਰੀਦ ਨੂੰ ਯੱਕਦਮ ਬੰਦ ਕਰ ਦਿੱਤਾ ਗਿਆ ਹੈ।ਮਾਲਵਾ ਖੇਤਰ ਦੇ ਕਿਸਾਨਾਂ ਉਤੇ ਇਸ ਸਰਕਾਰੀ ਫੈਸਲੇ ਨਾਲ ਸਭ ਤੋਂ ਵੱਡੀ ਸੱਟ ਵੱਜੀ ਹੈ, ਹੁਣ ਝੋਨੇ ਨੂੰ ਵੇਚਣ ਲਈ ਕਈ-ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਵੇਗਾ।
ਪੰਜਾਬ ਮੰਡੀ ਬੋਰਡ ਦੇ ਮੁੱਖ ਸਕੱਤਰ ਰਵੀ ਭਗਤ ਵੱਲੋਂ ਅੱਜ 16 ਨਵੰਬਰ 2020 ਨੂੰ ਜਾਰੀ ਕੀਤੇ ਪਿ:ਅੰ:ਨੰ:ਵਿਕਾਸ-1/3195-3210 ਮੁਤਾਬਕ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਮੁੱਖ ਅਫ਼ਸਰਾਂ ਸਮੇਤ ਮਾਰਕਿਟ ਕਮੇਟੀਆਂ ਦੇ ਸਕੱਤਰਾਂ ਨੂੰ ਪੱਤਰ ਭੇਜਕੇ ਇਹ ਹਦਾਇਤ ਕੀਤੀ ਗਈ ਹੈ ਕਿ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਮੁੱਖ ਯਾਰਡਾਂ ਤੋਂ ਬਿਨਾਂ ਬਾਕੀ ਸਾਰੀਆਂ ਥਾਵਾਂ ‘ਤੇ ਝੋਨੇ ਦੀ ਖਰੀਦ,ਵੇਚ ਅਤੇ ਸਟੋਰੇਜ਼ ਸਮੇਤ ਪ੍ਰੋਸੈਸਿੰਗ ਦਾ ਕੋਈ ਕਾਰੋਬਾਰ ਹੁਣ ਨਹੀਂ ਹੋਵੇਗਾ ਅਤੇ ਇਨ੍ਹਾਂ ਹੁਕਮਾਂ ਨੂੰ ਤੁਰੰਤ ਲਾਗੂ ਕਰ ਦਿੱਤਾ ਗਿਆ ਹੈ।
ਪੰਜਾਬ ਮੰਡੀ ਬੋਰਡ ਜ਼ਿਲ੍ਹਾ ਮਾਨਸਾ ਦੇ ਅਧਿਕਾਰੀਆਂ ਨੇ ਅਜਿਹੇ ਨਵੇਂ ਹੁਕਮਾਂ ਮਿਲਣ ਦੀ ਹਾਮੀ ਭਰਦਿਆਂ ਇਸ ਪੱਤਰਕਾਰ ਨੂੰ ਕਿਹਾ ਹੈ ਕਿ ਇਨ੍ਹਾਂ ਨਵੇਂ ਆਦੇਸ਼ਾਂ ਨੂੰ ਤੁਰੰਤ ਲਾਗੂ ਕਰ ਦਿੱਤਾ ਗਿਆ ਹੈ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਝੋਨੇ ਨੂੰ ਵੇਚਣ ਲਈ ਭਲਕੇ ਤੋਂ ਮੁੱਖ ਯਾਰਡਾਂ ਵਿੱਚ ਹੀ ਲੈਕੇ ਆਉਣ ਤਾਂ ਜੋ ਉਨ੍ਹਾਂ ਨੂੰ ਕੋਈ ਤਕਲੀਫ਼ ਦਾ ਸਾਹਮਣਾ ਨਾ ਕਰਨਾ ਪੈ ਸਕੇ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਿਨਾਂ ਸੋਚੇ-ਸਮਝੇ ਪੇਂਡੂ ਖਰੀਦ ਕੇਂਦਰਾਂ ਵਿਚੋਂ ਝੋਨੇ ਦੀ ਖਰੀਦ ਅਚਾਨਕ ਬੰਦ ਕਰ ਦਿੱਤੀ ਹੈ, ਜਦੋਂ ਕਿ ਹਰੇਕ ਮੰਡੀ ਵਿੱਚ ਝੋਨਾ ਅਜੇ ਖਰੀਦ ਵੰਨੀਓ ਪਿਆ ਹੈ।ਉਨ੍ਹਾਂ ਕਿਹਾ ਕਿ ਪੇਂਡੂ ਖਰੀਦ ਕੇਂਦਰਾਂ ਵਿਚੋਂ ਝੋਨਾ ਚੁੱਕਕੇ ਮੁੱਖ ਯਾਰਡਾਂ(ਸ਼ਹਿਰਾਂ) ਤੱਕ ਲਿਜਾਣ ਲਈ ਕਿਸਾਨਾਂ ਨੂੰ ਵੱਡੀ ਮੁਸ਼ਕਲ ਆਵੇਗੀ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੇਂਡੂ ਖਰੀਦ ਕੇਂਦਰਾਂ ਵਿਚੋਂ ਝੋਨੇ ਦੀ ਫ਼ਸਲ ਤੁਰੰਤ ਸਾਰੀ ਖਰੀਦੀ ਜਾਵੇ।ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਜਥੇਬੰਦੀ ਪੰਜਾਬ ਸਰਕਾਰ ਖਿਲਾਫ਼ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕਰੇਗੀ।
ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਮਾਨਸਾ ਜ਼ਿਲ੍ਹੇ ਵਿੱਚ ਇਸ ਤੋਂ ਪਹਿਲਾਂ ਕਿਸਾਨਾਂ ਨੂੰ ਆਪਣਾ ਝੋਨਾ ਵੇਚਣ ਲਈ 115 ਖਰੀਦ ਕੇਂਦਰ ਪੰਜਾਬ ਸਰਕਾਰ ਵੱਲੋਂ ਨਿਸ਼ਚਿਤ ਕੀਤੇ ਗਏ ਸਨ,ਜਿਸ ਵਿਚੋਂ ਸਿਰਫ਼ ਮਾਨਸਾ,ਬੁਢਲਾਡਾ,ਸਰਦੂਲਗੜ੍ਹ,ਭੀਖੀ,ਬੋਹਾ ਅਤੇ ਬਰੇਟਾ ਹੀ ਰਹਿ ਗਏ ਹਨ,ਜਿਸ ਨਾਲ ਕਿਸਾਨਾਂ ਨੂੰ ਵੱਡੀ ਪੱਧਰ ‘ਤੇ ਦਿਕੱਤ ਆਵੇਗੀ।ਅਜਿਹਾ ਹਾਲ ਹੀ ਪਟਿਆਲਾ,ਸੰਗਰੂਰ,ਬਰਨਾਲਾ,ਬਠਿੰਡਾ,ਫਰੀਦਕੋਟ,ਮੁਕਤਸਰ, ਫਾਜ਼ਿਲਕਾ,ਫਿਰੋਜ਼ਪੁਰ ਜ਼ਿਲ੍ਹਿਆਂ ਵਿਚਲੇ ਕਿਸਾਨਾਂ ਦਾ ਹੋਵੇਗਾ।























