ਅਧਿਆਪਕਾਂ ਨੇ ਆਨਲਾਈਨ ਸਿੱਖਿਆਂ ਦੇ ਬੋਗਸ ਅੰਕੜਿਆਂ ਲਈ ਅਫਸਰੀ ਦਾਬੇ ਦੇ ਖਿਲਾਫ਼ ਅਤੇ ਵਿੱਤੀ ਮੰਗਾਂ ਬਾਰੇ ਕੀਤੀ ਨਾਅਰੇਬਾਜ਼ੀ
ਜਿਲ੍ਹਾ ਸਿੱਖਿਆ ਅਫ਼ਸਰਾਂ ਰਾਹੀ ਮੁੱਖ ਮੰਤਰੀ ਦੇ ਨਾਮ ਭੇਜੇ ਮੰਗ ਪੱਤਰ
ਬਠਿੰਡਾ 16 ਨਵੰਬਰ (ਕੁਲਬੀਰ ਬੀਰਾ)- ਸਿੱਖਿਆ ਵਿਭਾਗ ਵਿੱਚ ਪੰਜਾਬ ਇਚੀਵਮੈਂਟ ਸਰਵੇ ਲਈ ਅਫ਼ਸਰਸ਼ਾਹੀ ਵੱਲੋਂ ਨਾਜਾਇਜ ਦਾਬਾ ਬਣਾ ਕੇ ਆਨਲਾਇਨ ਸਿੱਖਿਆ ਦੇ ਬੋਗਸ ਅੰਕੜੇ ਸੌ ਫੀਸਦੀ ਦੇਣ ਲਈ ਅਧਿਆਪਕਾਂ ਨੂੰ ਮਜਬੂਰ ਕਰਨ ਖਿਲਾਫ਼ ਅੱਜ ਜਿਲੇ ਦੇ ਅਧਿਆਪਕਾਂ ਨੇ ਦਫ਼ਤਰ ਜਿਲ੍ਹਾ ਸਿੱਖਿਆ ਅਫਸਰ ਵਿਖੇ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ, ਐਸ.ਐਸ.ਏ/ਰਮਸਾ ਅਧਿਆਪਕ ਯੂਨੀਅਨ ਅਤੇ 6060 ਮਾਸਟਰ ਕੇਡਰ ਅਧਿਆਪਕ ਯੂਨੀਅਨ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਨਾਅਰੇਬਾਜ਼ੀ ਕਰਕੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ ਭੇਜਿਆ । ਡੀ.ਟੀ.ਐੱਫ. ਦੇ ਜਿਲ੍ਹਾ ਪ੍ਰਧਾਨ ਰੇਸ਼ਮ ਸਿੰਘ, ਸੂਬਾ ਕਮੇਟੀ ਮੈਂਬਰ ਨਵਚਰਨਪ੍ਰੀਤ ਅਤੇ ਸੂਬਾ ਕੈਸ਼ੀਅਰ ਜਸਵਿੰਦਰ ਸਿੰਘ ਨੇ ਕਿਹਾ ਕਿ ਸਿੱਖਿਆ ਸਕੱਤਰ ਅਤੇ ਜਿਲ੍ਹਾ ਸਿੱਖਿਆ ਅਫ਼ਸਰਾਂ ਦੁਆਰਾ ਪੈਸ ਦੇ ਨਤੀਜਾ ਦੇਣ ਲਈ ਅਧਿਆਪਕਾਂ ਨੂੰ ਇਖਲਾਕ ਤੇ ਗਿਰਾਅ ਕੇ ਨਤੀਜਾ 100% ਦੇਣ ਲਈ ਮਜਬੂਰ ਕਰਨਾ ਅਤੇ ਸਕੂਲ ਮੁੱਖੀਆਂ ਅਤੇ ਕੇੰਦਰ ਸਕੂਲ ਮੁਖੀਆਂ ਨੂੰ ਪੈਸ ਦੀ ਮਾੜੀ ਕਾਰਗੁਜਾਰੀ ਦੇ ਨਾਂ ‘ਤੇ ਮੀਟਿੰਗਾਂ ਵਿੱਚ ਅਪਮਾਨਿਤ ਕੀਤਾ ਜਾ ਰਿਹਾ ਹੈ। ਜੱਥੇਬੰਦੀ ਵੱਲੋਂ ਦਫ਼ਤਰ ਦੇ ਅਜਿਹੇ ਵਿਵਹਾਰ ਨੂੰ ਕਦਾਚਿੱਤ ਸਵੀਕਾਰ ਨਹੀਂ ਕੀਤਾ ਜਾਵੇਗਾ। ਜਦੋਂ ਕਿ ਅਸਲ ਤਸਵੀਰ ਹੈ ਕਿ ਨਰਮੇ ਦੇ ਸੀਜ਼ਨ ਕਾਰਨ ਬਹੁਤੇ ਵਿਦਿਆਰਥੀਆਂ ਅਪਣੇ ਮਾਪਿਆਂ ਨਾਲ ਗੁਆਂਢੀ ਰਾਜਾਂ ਅਤੇ ਜਿਲ੍ਹਿਆਂ ਵਿੱਚ ਗਏ ਹੋਏ ਹਨ । ਕਈਆ ਮਾਪਿਆਂ ਕੋਲ ਗਰੀਬੀ ਕਾਰਨ ਨੈੱਟ ਪੈਕ ਜਾਂ ਮੋਬਾਇਲ ਦੀ ਸੁਵਿਧਾ ਨਹੀਂ ਹੁੰਦੀ। 6060 ਮਾਸਟਰ ਕੇਡਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਵਿਕਾਸ ਗਰਗ ਰਾਮਪੁਰਾ ਅਤੇ ਜਿਲ੍ਹਾ ਪ੍ਰਧਾਨ ਆਨੰਦ ਸਿੰਘ ਨੇ ਪੰਜਾਬ ਸਰਕਾਰ ਤੋਂ ਨਵ -ਨਿਯੁਕਤ ਅਧਿਆਪਕਾਂ ਦੇ ਚਾਰ ਸਾਲਾ ਏ.ਸੀ.ਪੀ. ਸਕੀਮ ਲਈ ਪਰਖ ਸਮੇਂ ਦੌਰਾਨ ਕੀਤੀ ਸੇਵਾ ਨੂੰ ਗਿਣਨ ਦੀ ਮੰਗ ਕੀਤੀ। ਉਨ੍ਹਾਂ ਸਰਕਾਰ ਤੋਂ ਚੋਣ ਵਾਇਦਾ ਤਹਿਤ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਵੀ ਕੀਤੀ। ਐੱਸ.ਐੱਸ.ਏ. / ਰਮਸਾ ਅਧਿਆਪਕ ਯੂਨੀਅਨ ਦੇ ਸੂਬਾ ਸਕੱਤਰ ਹਰਜੀਤ ਜੀਦਾ ਅਤੇ ਜਿਲ੍ਹਾ ਪ੍ਰਧਾਨ ਅਪਰ ਆਪਾਰ ਸਿੰਘ ਨੇ ਸਰਕਾਰ ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਸਰਕਾਰ ਆਨਲਾਈਨ ਪੜ੍ਹਾਈ ਨੂੰ ਅਧਿਆਪਕਾਂ ਦਾ ਬਦਲ ਬਣਾਉਣ ਦੀ ਕੋਝੀ ਚਾਲ ਤੇ ਚੱਲ ਰਹੀ ਹੈ। ਇਹ ਸਿੱਖਿਆ ਦੇਣ ਦਾ ਸਿਸਟਮ ਪੰਜਾਬ ਦੇ ਹਲਾਤਾਂ ਅਨੁਸਾਰ ਵਿਦਿਆਰਥੀਆਂ ਵਿਰੋਧੀ ਹੈ। ਸਿੱਖਿਆ ਸਕੱਤਰ ਵੱਲੋਂ ਸਕੂਲਾਂ ਵਿਚ ਸਿਲੇਬਸੀ ਪੜ੍ਹਾਈ ਨੂੰ ਅੱਖੋ-ਪਰੋਖੇ ਕਰਕੇ ਸਿਰਫ ਪੈਸ ਅਤੇ ਨੈਸ ਤੇ ਜ਼ੋਰ ਦੇ ਕੇ ਪੰਜਾਬ ਦੇ ਸਮੂਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਸੁਪਨਿਆਂ ਨਾਲ ਖਿਲਵਾੜ ਕਰ ਰਹੇ ਹਨ। ਅਧਿਆਪਕ ਜੱਥੇਬੰਦੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਬਠਿੰਡਾ ਜਿਲ੍ਹੇ ਦੇ ਪਿੰਡ ਜਲਾਲ ਸਕੂਲ ਦੇ ਪੰਜਾਬੀ ਮਾਸਟਰ ਕੁਲਵਿੰਦਰ ਸਿੰਘ ਦੀ ਜ਼ਬਰੀ ਮੁਅੱਤਲੀ ਨੂੰ ਰੱਦ ਕਰਕੇ ਬਹਾਲ ਕਰੇ। ਸਰੀਰਕ ਸਿੱਖਿਆ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਦੀਸ਼ ਕੁਮਾਰ ਅਤੇ ਐਸ.ਐੱਲ.ਏ. ਯੂਨੀਅਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਹਰਿੰਦਰ ਸਿੰਘ ਨੇ ਮੰਗ ਕੀਤੀ ਕਿ ਕੋਵਿਡ-19 ਦੌਰਾਨ ਨੌਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਲਏ ਜਾ ਰਹੇ ਫੰਡਾਂ ਨੂੰ ਮਾਫ ਕਰੇ, ਹਰੇਕ ਕਾਡਰ ਦੇ ਅਧਿਆਪਕਾਂ ਦੀਆਂ ਰੁਕੀਆਂ ਹੋਈਆਂ ਪੱਦਉਨਤੀਆਂ ਤੁਰੰਤ ਜਾਰੀ ਕਰਨ ਦੇ ਹੁਕਮ ਕਰੇ, ਸਮਾਰਟ ਸਕੂਲ ਸਕੀਮ ਵਿੱਚ 60:40 ਦੀ ਸਕੀਮ ਰੱਦ ਕਰਕੇ ਸੌ ਫੀਸਦੀ ਰਾਸ਼ੀ ਸਰਕਾਰ ਜਾਰੀ ਕਰੇ ਅਤੇ ਸਰਕਾਰ ਕੋਵਿਡ -19 ਮਹਾਂਮਾਰੀ ਦੇ ਬਚਾਅ ਲਈ ਸਕੂਲਾਂ ਵਿੱਚ ਸਾਰੇ ਉਚਿੱਤ ਪ੍ਰਬੰਧ ਕਰਕੇ ਸਰਕਾਰ ਆਪਣੀ ਜਿੰਮੇਵਾਰੀ ‘ਤੇ ਸਾਰੇ ਸਕੂਲ ਖੋਲੇ ਅਤੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਲਾਜ਼ਮੀ ਕਰਕੇ ਵਿਦਿਆਰਥੀਆਂ ਨੂੰ ਸਕੂਲੀ ਪੜ੍ਹਾਈ ਨਾਲ ਜੋੜਨ ਦੇ ਹੁਕਮ ਤੁਰੰਤ ਜਾਰੀ ਕਰੇ। ਇਸ ਮੌਕੇ ਅਧਿਆਪਕ ਬਲਜਿੰਦਰ ਸਿੰਘ, ਭੁਪਿੰਦਰ ਮਾਈਸਰਖਾਨਾ, ਭੋਲਾ ਰਾਮ, ਪਰਵਿੰਦਰ ਸਿੰਘ, ਗਰਪ੍ਰੀਤ ਖੇਮੂਆਣਾ, ਜਸਵਿੰਦਰ ਬੌਕਸਰ, ਬਲਜਿੰਦਰ ਕੌਰ, ਕੁਲਵਿੰਦਰ ਵਿਰਕ , ਅੰਗਰੇਜ਼ ਸਿੰਘ , ਰਾਜਵਿੰਦਰ ਜਲਾਲ, ਹਰਮੰਦਰ ਗਿੱਲ, ਰਤਨਜੋਤ ਸ਼ਰਮਾਂ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕਾਂ ਹਾਜ਼ਰ ਸਨ।