ਕਿਸਾਨ ਜਥੇਬੰਦੀਆਂ ਅਤੇ ਕੇਂਦਰੀ ਮੰਤਰੀਆਂ ਦੀ ਗੱਲਬਾਤ ਟੁੱਟੀ
ਮਾਨਸਾ, 13 ਨਵੰਬਰ (ਵਿਸ਼ਵ ਵਾਰਤਾ)-ਪੰਜਾਬ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਵੱਲੋਂ ਕੇਂਦਰੀ ਮੰਤਰੀਆਂ ਕੋਲ ਆਪਣਾ ਪੱਖ ਰੱਖਣ ਤੋਂ ਬਾਅਦ ਦੂਜੇ ਗੇੜ ਦੀ ਗੱਲਬਾਤ ਸਮਾਪਤ ਹੋਣ ਮਗਰੋਂ ਹੁਣ ਤੀਜੇ ਗੇੜ ਦੀ ਗੱਲਬਾਤ ਆਰੰਭ ਹੋਣ ਤੋਂ ਬਾਅਦ ਗੱਲਬਾਤ ਟੁੱਟ ਗਈ ਹੈ।ਕਿਸਾਨ ਜਥੇਬੰਦੀਆਂ ਇਹ ਮੀਟਿੰਗ ਦਿੱਲੀ ਵਿਖੇ ਹੋ ਰਹੀ ਸੀ,ਇਸ ਮੀਟਿੰਗ ਵਿੱਚ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਭਾਗ ਲਿਆ ਜਾ ਰਿਹਾ ਸੀ, ਜਿੰਨਾਂ ਵੱਲੋਂ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਖਿਲਾਫ਼ ਦਲੀਲਾਂ ਸਹਿਤ ਕੇਂਦਰੀ ਮੰਤਰੀਆਂ ਕੋਲ ਆਪਣਾ ਗਿਲਾ ਪ੍ਰਗਟ ਕੀਤਾ ਗਿਆ ਸੀ।ਤੀਜੇ ਗੇੜ ਦੀ ਗੱਲਬਾਤ ਉਸ ਵੇਲੇ ਟੁੱਟ ਗਈ ਜਦੋਂ ਦੋਹਾਂ ਧਿਰਾਂ ਕਿਸੇ ਵੀ ਮਸਲੇ ਨੂੰ ਲੈਕੇ ਸਹਿਮਤ ਨਾ ਹੋ ਸਕੀਆਂ ਅਤੇ ਫੈਸਲਾ ਲਿਆ ਗਿਆ ਕਿ ਹੁਣ ਨਵੇਂ ਸਿਰੇ ਤੋਂ ਕਮੇਟੀ ਬਣਕੇ ਗੱਲਬਾਤ ਸ਼ੁਰੂ ਕੀਤੀ ਜਾਵੇਗੀ, ਜਿਸ ਦੌਰਾਨ ਕਿਸੇ ਚੰਗੇ ਸਿੱਟੇ ‘ਤੇ ਪੁੱਜਿਆ ਜਾ ਸਕੇਗਾ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਅਤੇ ਭਾਰਤੀ ਕਿਸਾਨ ਯੂਨੀਅਨ (ਮਾਨਸਾ) ਦੇ ਸੂਬਾਈ ਪ੍ਰਧਾਨ ਬੋਘ ਸਿੰਘ, ਜੋ ਮੀਟਿੰਗ ਵਿੱਚ ਭਾਗ ਲੈ ਰਹੇ ਹਨ, ਨੇ ਇਸ ਪੱਤਰਕਾਰ ਨੂੰ ਫੋਨ ਰਾਹੀਂ ਦੱਸਿਆ ਕਿ ਹੁਣ ਮੀਟਿੰਗਾਂ ਦੇ ਦੋ ਗੇੜ ਖ਼ਤਮ ਹੋਣ ਤੋਂ ਬਾਅਦ ਤੀਜੇ ਗੇੜ ਦੀ ਗੱਲਬਾਤ ਚਾਹ ਪੀਣ ਉਪਰੰਤ ਆਰੰਭ ਹੋ ਗਈ ਸੀ,ਜੋ ਬਿਨਾਂ ਕਿਸੇ ਸਿੱਟੇ ਤੋਂ ਗੱਲਬਾਤ ਟੁੱਟ ਗਈ।
ਉਨ੍ਹਾਂ ਦੱਸਿਆ ਕਿ ਪਹਿਲੇ ਗੇੜ ਦੀ ਗੱਲਬਾਤ ਦੌਰਾਨ ਕਿਸਾਨ ਆਗੂਆਂ ਸੁਖਦੇਵ ਸਿੰਘ ਕੋਕਰੀ,ਡਾ.ਦਰਸ਼ਨਪਾਲ,ਬਲਵੀਰ ਸਿੰਘ ਰਾਜੇਵਾਲ ਅਤੇ ਕੁਲਵੰਤ ਸਿੰਘ ਵੱਲੋਂ ਕਿਸਾਨੀ ਮਾਮਲਿਆਂ ਨੂੰ ਕੇਂਦਰ ਮੰਤਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ।ਦੁਪਹਿਰ ਦੇ ਭੋਜਨ ਉਪਰੰਤ ਦੂਜੇ ਗੇੜ ਦੀ ਗੱਲਬਾਤ ਵਿੱਚ ਕੇਂਦਰੀ ਰੇਲ ਮੰਤਰੀ ਪਿਯੂਸ਼ ਗੋਇਲ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਤੁਮਰ ਵੱਲੋਂ ਆਪਣਾ ਪੱਖ ਰੱਖਣ ਤੋਂ ਉਪਰੰਤ ਬਾਅਦ ਦੁਪਹਿਰ ਚਾਹ ਉਪਰੰਤ ਤੀਜੇ ਗੇੜ ਦੀ ਮੀਟਿੰਗ ਆਰੰਭ ਹੋਣ ਤੋਂ ਬਾਅਦ ਗੱਲਬਾਤ ਟੁੱਟ ਗਈ ਹੈ।
ਇਹ ਵੀ ਪਤਾ ਲੱਗਿਆ ਹੈ ਕਿ ਇਸ ਮੀਟਿੰਗ ਵਿੱਚ ਪੰਜਾਬ ਦੇ ਭਾਜਪਾ ਆਗੂ ਸੋਮ ਪ੍ਰਕਾਸ਼, ਸੁਰਜੀਤ ਜਿਆਣੀ ਅਤੇ ਹਰਜੀਤ ਸਿੰਘ ਗਰੇਵਾਲ ਮੌਜੂਦ ਸਨ, ਜਦੋਂ ਕਿ ਪੰਜਾਬ ਦੀ ਅਫ਼ਸਰਸ਼ਾਹੀ ਵੀ ਮੌਜੂਦ ਸੀ।