ਕਿਸਾਨ ਜਥੇਬੰਦੀਆਂ ਦੀ ਭਲਕੇ ਦਿੱਲੀ ਜਾਣ ਸਬੰਧੀ ਚੰਡੀਗੜ੍ਹ ਵਿਖੇ ਮੀਟਿੰਗ ਆਰੰਭ
ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਜਥੇਬੰਦੀਆਂ ਦੀ ਮੀਟਿੰਗ ਹੋਈ ਆਰੰਭ।
ਮਾਨਸਾ 12 ਨਵੰਬਰ (ਵਿਸ਼ਵ ਵਾਰਤਾ)-ਦੀਵਾਲੀ ਤੋਂ ਐਨ ਇੱਕ ਦਿਨ ਪਹਿਲਾਂ 13 ਨਵੰਬਰ ਨੂੰ ਦਿੱਲੀ ਵਿਖੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਅਤੇ ਨਰਿੰਦਰ ਤੋਮਰ ਵਲੋਂ ਬੁਲਾਈ ਗਈ ਮੀਟਿੰਗ ਵਿੱਚ ਭਾਗ ਲੈਣ ਬਾਰੇ ਫੈਸਲਾ ਕਰਨ ਸਬੰਧੀ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਚੰਡੀਗੜ੍ਹ ਵਿਖੇ ਕਿਸਾਨ ਭਵਨ ਵਿਚ ਆਰੰਭ ਹੋ ਗਈ ਹੈ।ਇਸ ਮੀਟਿੰਗ ਵਿੱਚ ਇਹ ਫੈਸਲਾ ਲਿਆ ਜਾਣਾ ਹੈ ਕਿ ਜਥੇਬੰਦੀਆਂ ਵੱਲੋਂ ਦਿੱਲੀ ਵਿਖੇ ਜਾਣਾ ਹੈ ਜਾਂ ਨਹੀਂ ।
ਮੀਟਿੰਗ ਵਿਚ ਭਾਗ ਲੈਣ ਲਈ ਗਏ ਭਾਰਤੀ ਕਿਸਾਨ ਯੂਨੀਅਨ ( ਮਾਨਸਾ) ਦੇ ਸੂਬਾ ਪ੍ਰਧਾਨ ਬੋਘ ਸਿੰਘ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਰੁਲਦੂ ਸਿੰਘ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਮੀਟਿੰਗ ਦੌਰਾਨ ਬਹੁਤ ਸਾਰੇ ਮਾਮਲੇ ਵਿਚਾਰੇ ਜਾਣਗੇ, ਜਿੰਨ੍ਹਾਂ ਵਿੱਚ ਦਿੱਲੀ ਦੀ ਮੀਟਿੰਗ ਵਿੱਚ ਜਾਣ ਵਾਲਾ ਫੈਸਲਾ ਫਿਲਹਾਲ ਸਭ ਤੋਂ ਅਹਿਮ ਹੋਵੇਗਾ।
ਇਸ ਮੀਟਿੰਗ ਵਿੱਚ ਇਹ ਫੈਸਲਾ ਵੀ ਲਿਆ ਜਾਵੇਗਾ ਕਿ ਦਿੱਲੀ ਵਿੱਚ 26 ਅਤੇ 27 ਨਵੰਬਰ ਦੇਸ਼ ਭਰ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਰੋਸ਼ ਪ੍ਰਦਰਸਨ ਸਬੰਧੀ ਦਿੱਲੀ ਪੁਲੀਸ ਵੱਲੋਂ ਆਗਿਆ ਨਾ ਦਿੱਤੇ ਜਾਣ ਕਾਰਨ ਉਸ ਦਾ ਕੋਈ ਹੋਰ ਬਦਲਵਾਂ ਬੰਦੋਬਸਤ ਕੀ ਕੀਤਾ ਜਾਣਾ ਹੈ। ਕਿਸਾਨ ਆਗੂ ਰੁਲਦੂ ਸਿੰਘ ਅਤੇ ਬੋਘ ਸਿੰਘ ਨੇ ਦੱਸਿਆ ਕਿ ਬੇਸ਼ੱਕ ਦਿੱਲੀ ਪੁਲੀਸ ਨੇ ਫਿਲਹਾਲ ਇਜਾਜਤ ਨਹੀਂ ਦਿੱਤੀ ਗਈ ਹੈ,ਪਰ ਮੁਲਕ ਦੀਆਂ ਲੱਗਭਗ 500 ਕਿਸਾਨ ਜਥੇਬੰਦੀਆਂ ਹਰ ਹੀਲੇ ਦਿੱਲੀ ਵੱਲ ਕੂਚ ਕਲਨਗੀਆਂ । ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਸਾਰੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਅਤੇ ਹੋਰ ਹਿਮਾਇਤੀ ਧਿਰਾਂ ਦਿੱਲੀ ਲਈ ਪਹਿਲਾਂ ਹੀ ਪੱਬਾਂ ਭਾਰ ਹੋਈਆਂ ਬੈਠੀਆਂ ਹਨ।
ਉਨ੍ਹਾਂ ਕਿਹਾ ਕਿ ਜਥੇਬੰਦੀਆਂ ਵੱਲੋ ਪੰਜਾਬ ਖੇਤੀ ਕਾਨੂੰਨਾਂ ਅਤੇ ਬਿਜਲੀ ਐਕਟ 2020 ਦੇ ਵਿਰੋਧ ਵੱਜੋਂ ਪਹਿਲਾਂ ਹੀ ਲੋਕਾਂ ਨੂੰ ਕਾਲੀ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ ਹੋਇਆ ਹੈ।























