ਅਮਰੀਕੀ ਮਰੀਨ ਤੇ ਫਿਲਪਾਇਨਜ਼ ਦੇ ਰਾਸ਼ਟਰਪਤੀ ਦੇ ਸੁਰੱਖਿਆ ਦਸਤਿਆਂ ਨੂੰ ਸਿਖਲਾਈ ਦੇਣ ਵਾਲੇ ਰੋਜ਼ੀ ਸੇਠੀ ਦੇਣਗੇ ਸਿਖਲਾਈ
1986 ਵਿਚ ਹਾਂਗਕਾਂਗ ਵਿਖੇ ਹੋਈ ਏਸ਼ੀਅਨ ਮਾਰਸ਼ਲ ਆਰਟ ਚੈਂਪੀਅਨਸ਼ਿਪ ਵਿਚ ਜਿੱਤਿਆ ਸੀ ਸੋਨ ਤਮਗਾ
Rozy sethi , asian gold medalist
ਕਪੂਰਥਲਾ, ਨਵੰਬਰ 9, 2020 (ਵਿਸ਼ਵ ਵਾਰਤਾ)-ਜਿਲਾ ਪ੍ਰਸ਼ਾਸ਼ਨ ਕਪੂਰਥਲਾ ਵਲੋਂ ਸਕੂਲੀ ਲੜਕੀਆਂ ਲਈ ਸ਼ੁਰੂ ਕੀਤੇ ਗਏ ਮਾਰਸ਼ਲ ਆਰਟ ਸਿਖਲਾਈ ਪ੍ਰੋਗਰਾਮ ਲਈ 1986 ਵਿਚ ਹਾਂਗਕਾਂਗ ਵਿਖੇ ਹੋਈ ਏਸ਼ੀਅਨ ਮਾਰਸ਼ਲ ਆਰਟ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜੇਤੂ ਗੁਰਪ੍ਰੀਤ ਰੋਜ਼ੀ ਸੇਠੀ ਦੀਆਂ ਸੇਵਾਵਾਂ ਲਈਆਂ ਗਈਆਂ ਹਨ ਤਾਂ ਜੋ ਉਨਾਂ ਦੀ ਅਗਵਾਈ ਹੇਠ ਲੜਕੀਆਂ ਨੂੰ ਪੂਰੇ ਪੇਸ਼ੇਵਰ ਤਰੀਕੇ ਨਾਲ ਸਵੈ ਰੱਖਿਆ ਲਈ ਤਿਆਰ ਕੀਤਾ ਜਾ ਸਕੇ।
ਸ੍ਰੀ ਸੇਠੀ ਜੋ ਕਿ 1991 ਤੋਂ 1992 ਤੱਕ ਲਗਭਗ 20 ਮਹੀਨੇ ਫਿਲਪਾਇਨਜ਼ ਵਿਖੇ ਅਮਰੀਕੀ ਸੈਨਾ ਦੇ ਬੇਸ ਕੈਂਪ ‘ਤੇ ਅਮਰੀਕੀ ਮਰੀਨਜ਼ ਨੂੰ ਸਿਖਲਾਈ ਦੇਣ ਦੇ ਨਾਲ-ਨਾਲ ਫਿਲਪਾਇਨਜ਼ ਦੇ ਰਾਸ਼ਟਰਪਤੀ ਦੇ ਸੁਰੱਖਿਆ ਦਸਤਿਆਂ ਨੂੰ ਵੀ 1994 ਤੋਂ 1998 ਤੱਕ ਮਾਰਸ਼ਟ ਆਰਟ ਦੀ ਸਿਖਲਾਈ ਦੇ ਚੁੱਕੇ ਹਨ। ਇਸ ਤੋਂ ਇਲਾਵਾ ਪੰਜਾਬ ਪੁਲਿਸ ਤੇ ਬੀ.ਐਸ.ਐਫ. ਦੇ ਜਵਾਨ ਵੀ ਉਨਾਂ ਕੋਲੋਂ ਸਿਖਲਾਈ ਲੈ ਚੁੱਕੇ ਹਨ।
ਰੋਜ਼ੀ ਸੇਠੀ ਵਲੋਂ ਤਿਆਰ ਯੋਜਨਾਬੰਦੀ ਅਨੁਸਾਰ ਕਪੂਰਥਲਾ ਜਿਲੇ ਵਿਚ ਸਰਕਾਰੀ ਸਕੂਲਾਂ ਦੀਆਂ ਲੜਕੀਆਂ ਨੂੰ ‘ਬੇਸਿਕ ਲਾਕਸ ਐਂਡ ਚਾਕਸ’ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਤਹਿਤ ਲੜਕੀਆਂ ਨੂੰ ਆਪਣੇ ਹੱਥਾਂ ਨੂੰ ਹਥਿਆਰ ਬਣਾਉਣ ਬਾਰੇ ਤਿਆਰ ਕੀਤਾ ਜਾਵੇਗਾ ਤਾਂ ਜੋ ਉਹ ਲੋੜ ਪੈਣ ‘ਤੇ ਆਪਣੀ ਚੁੰਨੀ, ਛਤਰੀ, ਪੈਨਸਿਲ , ਪੈਨ, ਐਨਕ ਨੂੰ ਹਥਿਆਰ ਦੇ ਤੌਰ ‘ਤੇ ਵਰਤ ਸਕਣ।