ਆਰ ਡਬਲਿਊ ਏ ਤੇ ਜੁਆਂਇਟ ਐਕਸ਼ਨ ਕਮੇਟੀ ਦੇ ਬੈਨਰ ਹੇਠ ਸੈਂਕੜੇ ਲੋਕਾਂ ਨੇ ਕੀਤਾ ਰੋਸ਼ ਮਾਰਚ
ਕੌਂਸਲ ਨੇ ਨਹੀਂ ਕੀਤੀ ਸੁਣਵਾਈ ਤਾਂ ਹੋਵੇਗਾ ਡੀਸੀ ਦਫਤਰ ਦੇ ਘਿਰਾਓ

ਜੀਰਕਪੁਰ, 08 ਨਵੰਬਰ (ਸਤੀਸ਼ ਕੁਮਾਰ)- ਜੀਰਕਪੁਰ ਨਗਰ ਕੌਂਸਲ ਵਲੋਂ ਬਿਲਡਰਾਂ ਨਾਲ ਮਿਲ ਕੇ ਸ਼ਹਿਰ ਦੇ ਮਾਸਟਰ ਪਲਾਨ ਨੂੰ ਬਦਲਣ, ਸ਼ਹਿਰ ਦਾ ਅਕਸ ਖਰਾਬ ਕਰਨ ਅਤੇ ਆਮ ਲੋਕਾਂ ਦਾ ਸੁਣਵਾਈ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਐਤਵਾਰ ਨੂੰ ਸ਼ਹਿਰ ਦੇ ਸੈਕੜੇ ਲੋਕਾਂ ਨੇ ਰੋਸ਼ ਮਾਰਚ ਕੀਤਾ। ਰੋਸ਼ ਮਾਰਚ ਦੀ ਅਗਵਾਈ ਜੁਆਂਇਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੌਧਰੀ ਅਤੇ ਸ਼ਹਿਰ ਦੀ ਦਰਜਨਾਂ ਆਰ ਡਬਲਿਊ ਏ ਪ੍ਰਧਾਨਾਂ ਨੇ ਕੀਤੀ। ਰੋਸ਼ ਮਾਰਚ ਪੀਰ ਮੁਛੱਲਾ ਦੀ ਬਾਲੀਵੁੱਡ ਹਾਈਟਸ-1 ਤੋਂ ਸੁਰੂ ਹੋਇਆ। ਜਿਸ ਵਿੱਚ ਆਰ ਡਬਲਿਊ ਏ ਬਾਲੀਵੁੱਡ ਹਾਈਟਸ ਦੇ ਪ੍ਰਧਾਨ ਰਮੇਸ਼ ਗੋਇਲ, ਪੰਚਕੁਲਾ ਹਾਈਟਸ ਦੇ ਰਾਜੇਸ਼ ਖੰਨਾ, ਹਿਲਵਿਊ ਐਨਕਲੇਵ ਦੇ ਐਡਵੋਕੇਟ ਵਿਨੇ ਕੁਮਾਰ, ਸ੍ਰੀ ਸ਼ਿਆਮ ਰੈਜੀਡੈਂਸੀ ਦੇ ਰਵੀ ਕੇ ਸ਼ਰਮਾ, ਓਪੇਰਾ ਗਾਰਡਨ ਦੇ ਅਮਨ ਅਰੋੜਾ, ਸ਼ੁਭ ਹੋਮਜ਼ ਦੀ ਵਿਮਲਾ ਰਾਣੀ, ਫਰੈਂਡਜ਼ ਐਨਕਲੇਵ ਦੇ ਰਮਨ ਕੁਮਾਰ ਖੋਸਲਾ, ਬਾਲੀਵੁੱਡ ਹਾਈਟਸ ਟੂ ਦੇ ਸੰਜੇ ਸਿਨਾ•, ਤ੍ਰਿਸ਼ਲਾ ਹੋਮਜ਼ ਤੋਂ ਸੋਨੀਆ ਸ਼ਰਮਾ, ਵਿਕਟੋਰੀਆ ਹਾਈਟਸ ਦੇ ਸੰਜੇ ਹਾਂਡੂ ਅਤੇ ਸਵਾਮੀ ਐਨਕਲੇਵ ਦੇ ਰਾਮਕੁਮਾਰ ਸ਼ਰਮਾ ਸਮੇ ਕਈ ਪ੍ਰਤੀਨਿੱਧਾਂ ਨੇ ਆਪਣੀ-ਆਪਣੀ ਸੁਸਾਇਟੀਆਂ ਦੇ ਲੋਕਾਂ ਨਾਲ ਭਾਗ ਲਿਆ।

ਇਸ ਮੌਕੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਵਿਨੇ ਕੁਮਾਰ ਨੇ ਕਿਹਾ ਕਿ ਨਗਰ ਕੌਂਸਲ ਦੇ ਭ੍ਰਿਸ਼ਟ ਅਧਿਕਾਰੀਆਂ ਕਾਰਨ ਸ਼ਹਿਰ ਵਿੱਚ ਵਿਕਾਸ ਦੀ ਥਾਂ ਤੇ ਵਿਨਾਸ਼ ਹੋ ਰਿਹਾ ਹੈ। ਮੋਤੀਆ ਰਾਈਲ ਸਿਟੀ ਦੇ ਪ੍ਰਧਾਨ ਆਸ਼ੀਸ ਨੇ ਕਿਹਾ ਕਿ ਅੱਜ ਇਥੇ ਬਿਲਡਰਾਂ ਵਲੋਂ ਪਾਰਕ ਦੀ ਥਾਂ ਤੇ ਵੀ ਫਲੈਟ ਬਣਾਏ ਜਾ ਰਹੇ ਹਨ ਅਤੇ ਕੌਸਲ ਅਧਿਕਾਰੀ ਕੋਈ ਕਾਰਵਾਈ ਨਹੀਂ ਕਰ ਰਹੇ ਹਨ। ਜੁਆਂਇਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੋਧਰੀ ਨੇ ਕਿਹਾ ਕਿ ਜੀਰਕਪੁਰ ਨੇ ਗੇਟਵੇ ਆਫ ਪੰਜਾਬ ਕਿਹਾ ਜਾਂਦਾ ਹੈ। ਇਥੇ ਦੇਸ਼ ਦੇ ਕਰੀਬ 15 ਸੂਬਿਆਂ ਤੋਂ ਆਕੇ ਲੋਕ ਵਸੇ ਹੋਏ ਹਨ। ਨਗਰ ਕੌਂਸਲ ਕਈ ਤਰਾਂ ਦੇ ਟੈਕਸ ਲੈ ਰਹੀ ਹੈ। ਇਸਦੇ ਬਾਵਜੂਦ ਸੀਵਰੇਜ ਲਾਈਨਾਂ ਅਕਸਰ ਓਵਰਫਲੋ ਰਹਿੰਦੀਆਂ ਹਨ। ਸਟ੍ਰੀਟ ਲਾਈਟਾਂ ਖਰਾਬ ਹਨ। ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਸੜਕਾਂ ਤੇ ਅਵਾਰਾ ਪਸ਼ੂਆਂ ਦਾ ਕਬਜਾ ਹੈ। ਉਨਾਂ ਕਿਹਾ ਕਿ ਜੇਕਰ ਕੌਂਸਲ ਅਧਿਕਾਰੀਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਛੇਤੀ ਹੀ ਡੀਸੀ ਦਫਤਰ ਦਾ ਘਿਰਾਓ ਕੀਤਾ ਜਾਵੇਗਾ।
ਅੱਜ ਦਾ ਰੋਸ਼ ਮਾਰਚ ਬਾਲੀਵੁੱਡ ਹਾਈਟਸ ਤੋਂ ਸ਼ੁਰੂ ਹੋ ਕੇ ਐਮ ਐਸ ਐਨਕਲੇਵ, ਕੇ ਏਰੀਆ, ਬਲਟਾਣਾ ਚੌਕ, ਪਟਿਆਲਾ ਚੌਕ, ਸਿੰਘਪੁਰਾ ਚੌਕ ਅਤੇ ਵੀਆਈਪੀ ਰੋਡ ਤੋਂ ਹੁੰਦੇ ਹੋਏ ਸਵਿਤਰੀ ਹਾਈਟਸ ਚੌਕ, ਪਟਿਆਲਾ ਰੋਡ, ਬੱਸ ਅੱਡਾ ਜੀਰਕਪੁਰ ਵਿਖੇ ਸਮਾਪਤ ਹੋਈਆ। ਇਸ ਮੌਕੇ ਤੇ ਹਿਲਵਿਯੂ ਦੇ ਵਾਸਦੇਵ, ਰਾਇਲ ਮੈਂਸ਼ਨ ਦੇ ਮਹੇਸ਼ ਗੋਇਲ, ਬਾਲੀਵੁੱਡ ਹਾਈਟਸ ਤੋਂ ਗੁਰਪ੍ਰੀਤ, ਹਾਲੈਂਡ ਪਾਰਕ ਤੋਂ ਰਾਜੀਵ ਕੁਮਾਰ, ਪਵਨ ਕੁਮਾਰ, ਇੰਦਰ ਸੇਠੀ, ਸੰਜੀਵ ਡੋਗਰਾ ਸਮੇਤ ਕਈ ਆਗੂਆਂ ਨੇ ਸੰਬੋਧਨ ਕੀਤਾ।
ਇਸ ਖਬਰ ਵਿੱਚ ਡੱਬੀ ਦੀ ਵਰਤੋਂ ਲਈ—
ਜੁਆਂਇਟ ਐਕਸ਼ਨ ਕਮੇਟੀ ਅਤੇ ਆਰ ਡਬਲਿਊ ਏ ਦੀ ਮੰਗਾਂ
–ਮਹੀਨੇ ਵਿੱਚ ਦੋ ਵਾਰ ਏਡੀਸੀ ਖੁੱਲਾ ਦਰਬਾਰ ਲਗਾਉਣ
–ਨਗਰ ਕੌਂਸਲ ਵਿੱਚ ਫਾਈਲ ਟਰੈਕਿੰਗ ਸਿਸਟਮ ਸ਼ੁਰੂ ਹੋਵੇ ਤਾਂ ਜੋ ਲੋਕਾਂ ਨੂੰ ਘਰ ਬੈਠੇ ਆਪਣੀ ਫਾਈਲ ਬਾਰੇ ਪਤਾ ਲੱਗ ਸਕੇ।
–ਨਗਰ ਕੌਂਸਲ ਵਿੱਚ ਹੈਲਪ ਡੈਸਕ ਬਣਾਇਆ ਜਾਵੇ।
–ਕੌਸਲ ਵਿੱਚ ਕੰਮ ਲਈ ਆਉਣ ਵਾਲੇ ਵਿਅਕਤੀ ਨੂੰ ਈ ਮੇਲ ਜਾਂ ਐਸਐਮਐਸ ਰਾਂਹੀ ਉਸਦੀ ਸਟੇਟਸ ਰਿਪੋਰਟ ਦਿੱਤੀ ਜਾਵੇ।
–ਕੌਸਲ ਦੇ ਈ ਓ ਅਤੇ ਐਮ ਈ ਰੋਜਾਨਾ ਲੋਕਾਂ ਲਈ ਇੱਕ ਘੰਟਾ ਮੁਲਾਕਾਤ ਦਾ ਸਮਾਂ ਤੈਅ ਕਰਨ।
–ਅਵਾਰਾ ਪਸ਼ੂਆਂ ਨੂੰ ਫੜਨ ਦੇ ਲਈ ਕੈਟਲ ਕੈਚਰ ਮਸ਼ੀਨ ਲਿਆਂਦੀ ਜਾਵੇ ਅਤੇ ਪਸ਼ੂ ਫਾਟਕਾਂ ਦੀ ਉਸਾਰੀ ਕੀਤੀ ਜਾਵੇ।
–ਸੀਵਰ ਸਫਾਈ, ਸ਼ਹਿਰ ਦੀ ਸੜਕਾਂ ਦੀ ਸਫਾਈ ਅਤੇ ਸਟ੍ਰੀਟ ਲਾਈਟ ਵਿੰਗ ਵਿੱਚ ਸਟਾਫ ਦਾ ਵਾਧਾ ਕੀਤਾ ਜਾਵੇ।





















